ਜਲੰਧਰ, 2 ਅਪ੍ਰੈਲ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿੱਚ ਪ੍ਰੀ-ਐਸ.ਆਈ.ਆਰ ਗਤੀਵਿਧੀਆਂ ਤਹਿਤ ਬੀ.ਐਲ.ਓਜ਼ ਵੱਲੋਂ ਘਰ-ਘਰ ਜਾ ਕੇ ਕੀਤੀ ਜਾ ਰਹੀ ਵੈਰੀਫਿਕੇਸ਼ਨ ਵਿੱਚ ਵੋਟਰਾਂ ਨੂੰ ਬੀ.ਐਲ.ਓਜ਼ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਪੰਜਾਬ ਵਿੱਚ ਸਪੈਸ਼ਲ ਇਟੈਂਸਿਵ ਰਵੀਜ਼ਨ (ਐਸ.ਆਈ.ਆਰ.) ਅਪ੍ਰੈਲ ਮਹੀਨੇ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਸ ਲਈ ਐਸ.ਆਈ.ਆਰ. ਦੀਆਂ ਪ੍ਰੀ-ਗਤੀਵਿਧੀਆਂ ਦਾ ਕੰਮ ਚੱਲ ਰਿਹਾ ਹੈ, ਜਿਸ ਵਿੱਚ ਮੌਜੂਦਾ ਵੋਟਰ ਸੂਚੀ ਦੇ ਵੋਟਰਾਂ ਦਾ ਮਿਲਾਨ/ਮੈਪਿੰਗ 2003 ਦੀ ਵੋਟਰ ਸੂਚੀ ਨਾਲ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਕੰਮ ਦੇ ਲਈ ਵਿਧਾਨ ਸਭਾ ਚੋਣ ਹਲਕਿਆਂ ਦੇ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓਜ਼) ਵਲੋਂ ਆਪਣੇ ਬੂਥਾਂ ’ਤੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਅਤੇ ਘਰ-ਘਰ ਜਾ ਕੇ 2003 ਦੀ ਵੋਟਰ ਸੂਚੀ ਦਾ ਮਿਲਾਨ/ਮੈਪਿੰਗ ਕਰਨ ਲਈ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ।
ਡਾ. ਅਗਰਵਾਲ ਨੇ ਸਮੂਹ ਵੋਟਰਾਂ ਨੂੰ ਭਾਰਤ ਚੋਣ ਕਮਿਸ਼ਨ ਦੇ ਇਸ ਅਹਿਮ ਕਾਰਜ ਵਿੱਚ ਆਪਣਾ ਸਹਿਯੋਗ ਦੇਣ ਅਤੇ ਸਪੈਸ਼ਲ ਇੰਟੈਂਸਿਵ ਰਵੀਜ਼ਨ ਦੌਰਾਨ ਬੀ.ਐਲ.ਓਜ਼ ਨੂੰ ਲੋੜੀਂਦੇ ਦਸਤਾਵੇਜ਼ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਲੋੜੀਂਦੇ ਦਸਤਾਵੇਜ਼ ਮੁਹੱਈਆ ਨਹੀਂ ਕਰਵਾਏ ਜਾਂਦੇ ਤਾਂ ਵੋਟਰ ਸੂਚੀ ਵਿਚੋਂ ਵੋਟ ਕੱਟੀ ਜਾ ਸਕਦੀ ਹੈ। ਇਸ ਲਈ ਮੌਜੂਦਾ ਵੋਟਰ ਸੂਚੀ ਵਿੱਚ ਆਪਣੇ ਨਾਮ ਦੀ ਸਾਲ 2003 ਦੀ ਵੋਟਰ ਸੂਚੀ ਨਾਲ ਮੈਪਿੰਗ ਕਰਵਾਉਣੀ ਯਕੀਨੀ ਬਣਾਈ ਜਾਵੇ।
ਉਨ੍ਹਾਂ ਕਿਹਾ ਕਿ ਵੋਟਰ ਆਪਣੀ 2003 ਦੀ ਵੋਟਰ ਸੂਚੀ ਦੀ ਡਿਟੇਲ ਭਾਰਤ ਚੋਣ ਕਮਿਸ਼ਨ ਦੀ ਵੈੱਬਸਾਈਟ (ECINET) https://voters.eci.gov.in/ ਜਾਂ ਮੁੱਖ ਚੋਣ ਦਫ਼ਤਰ ਦੀ ਵੈਬਸਾਈਟ https://elections.punjab.gov.in/Election/Public/SearchEroll2003 ’ਤੇ ਸਰਚ ਕਰ ਸਕਦੇ ਹਨ। ਇਸ ਤੋਂ ਇਲਾਵਾ ਵੋਟਰ ਵਧੇਰੇ ਜਾਣਕਾਰੀ/ਸੁਝਾਅ/ਸ਼ਿਕਾਇਤ ਬਾਰੇ ਵੋਟਰ ਹੈਲਪਲਾਈਨ ਟੋਲ ਫ੍ਰੀ ਨੰਬਰ 1950 ’ਤੇ ਕਾਲ ਵੀ ਕਰ ਸਕਦੇ ਸਨ।


