ਖੰਨਾ, ਲੁਧਿਆਣਾ 03 ਮਾਰਚ :ਪੰਜਾਬ ਸਖੀ ਸ਼ਕਤੀ ਮੇਲਾ–2026 ਆਪਣੇ ਆਖਰੀ ਦਿਨ ਸ਼ਾਨਦਾਰ ਅਤੇ ਯਾਦਗਾਰੀ ਅੰਦਾਜ਼ ਵਿੱਚ ਸੰਪੰਨ ਹੋ ਗਿਆ। ਸਮਾਪਤੀ ਮੌਕੇ ਕਰਵਾਏ ਗਏ ਸਟਾਰ ਨਾਈਟ ਪ੍ਰੋਗਰਾਮ ਦੌਰਾਨ ਪੰਜਾਬੀ ਗਾਇਕੀ ਦੇ ਥੰਮ ਮਨਮੋਹਨ ਵਾਰਿਸ ਅਤੇ ਕਮਲ ਹੀਰ ਦੀ ਮਸ਼ਹੂਰ ਜੋੜੀ ਨੇ ਆਪਣੀ ਸੁਰੀਲੀ ਆਵਾਜ਼ ਨਾਲ ਐਸਾ ਰੰਗ ਬੰਨ੍ਹਿਆ ਕਿ ਸਾਰਾ ਗਰਾਊਂਡ ਨੱਚਦਾ ਨਜ਼ਰ ਆਇਆ। ਰਾਤ ਤੱਕ ਚੱਲੇ ਇਸ ਸੱਭਿਆਚਾਰਕ ਸਮਾਗਮ ਨੇ ਖੰਨਾ ਕਾਰਨੀਵਾਲ ਨੂੰ ਇੱਕ ਕਦੇ ਵੀ ਨਾ ਭੁੱਲਣ ਵਾਲਾ ਰੂਪ ਦੇ ਦਿੱਤਾ। ਸਮਾਪਤੀ ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਦੇ ਕੈਬਨਿਟ ਮੰਤਰੀ ਸ. ਤਰੁਨਪ੍ਰੀਤ ਸਿੰਘ ਸੌਂਦ ਰਹੇ। ਉਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣਾ ਅਤੇ ਅੱਗੇ ਵਧਾਉਣਾ ਸਰਕਾਰ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਦੀ ਜ਼ਿੰਮੇਵਾਰੀ ਮਿਲੀ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੇ ਵਿਭਾਗ ਵਿੱਚ ਜਾ ਕੇ ਫ਼ਾਈਲਾਂ ਮੰਗਵਾਈਆਂ ਅਤੇ ਪਤਾ ਕੀਤਾ ਕਿ ਪੰਜਾਬ ਅੰਦਰ ਵਿਰਾਸਤੀ ਮੇਲਿਆਂ ਲਈ ਕਿੰਨਾ ਬਜਟ ਹੈ। ਉਹ ਬੜੇ ਹੈਰਾਨ ਹੋਏ ਕਿ ਸਿਰਫ਼ 5 ਕਰੋੜ ਰੁਪਏ ਸਾਲਾਨਾ ਬਜਟ ਰੱਖਿਆ ਗਿਆ ਸੀ, ਜੋਕਿ ਪਿਛਲੀਆਂ ਸਰਕਾਰਾਂ ਦੀ ਬਦੌਲਤ ਸੀ। ਇਹ ਜਾਣਕਾਰੀ ਮਿਲਣ ’ਤੇ ਉਹ ਹੈਰਾਨ ਰਹਿ ਗਏ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਗਏ ਅਤੇ ਬੇਨਤੀ ਕੀਤੀ ਕਿ ਪੰਜਾਬ ਦੀ ਸੱਭਿਆਚਾਰਕ ਰੌਣਕ ਵਧਾਉਣ ਲਈ ਇਸ ਬਜਟ ਵਿੱਚ ਵਾਧਾ ਕੀਤਾ ਜਾਵੇ। ਮੁੱਖ ਮੰਤਰੀ ਨੇ ਖੁੱਲ੍ਹੇ ਦਿਲ ਨਾਲ ਕਿਹਾ ਕਿ ਜਿੰਨਾ ਲੋੜੀਂਦਾ ਹੋਵੇ, ਉਨ੍ਹਾਂ ਹੀ ਬਜਟ ਰੱਖਿਆ ਜਾਵੇ। ਨਤੀਜੇ ਵਜੋਂ, ਸੱਭਿਆਚਾਰਕ ਮੇਲਿਆਂ ਲਈ ਬਜਟ ਨੂੰ 20 ਗੁਣਾ ਵਧਾ ਕੇ 100 ਕਰੋੜ ਰੁਪਏ ਕਰ ਦਿੱਤਾ ਗਿਆ, ਜਿਸ ਕਾਰਨ ਅੱਜ ਪੰਜਾਬ ਦੇ ਹਰ ਕੋਨੇ ਵਿੱਚ ਸੱਭਿਆਚਾਰਕ ਰੌਣਕਾਂ ਮੁੜ ਪਰਤੀਆਂ ਹਨ।ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਅਜਿਹੇ ਮੇਲੇ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਇਹ ਪੰਜਾਬੀ ਸੱਭਿਆਚਾਰ, ਲੋਕਧਾਰਾ, ਲੋਕਸੰਗੀਤ ਅਤੇ ਰਿਵਾਇਤਾਂ ਨੂੰ ਜਿਉਂਦਾ ਰੱਖਣ ਦਾ ਮਹੱਤਵਪੂਰਨ ਮਾਧਿਅਮ ਹਨ। ਇਹ ਮੇਲੇ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਦੇ ਹਨ ਅਤੇ ਉਨ੍ਹਾਂ ਵਿੱਚ ਆਪਣੀ ਮਿੱਟੀ ਨਾਲ ਪਿਆਰ ਪੈਦਾ ਕਰਦੇ ਹਨ। ਨਾਲ ਹੀ, ਇਹ ਮਹਿਲਾ ਸਸ਼ਕਤੀਕਰਨ ਲਈ ਵੀ ਵੱਡਾ ਮੰਚ ਸਾਬਤ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਮੇਲੇ ਵਿੱਚ ਲੱਗੀਆਂ ਕੁੱਲ ਸਟਾਲਾਂ ਵਿੱਚੋਂ 25 ਫ਼ੀਸਦੀ ਸਟਾਲਾਂ ਸੈਲਫ਼ ਹੈਲਪ ਗਰੁੱਪਾਂ ਲਈ ਰੱਖੀਆਂ ਗਈਆਂ, ਜੋ ਬਿਲਕੁਲ ਮੁਫ਼ਤ ਸਨ। ਇਨ੍ਹਾਂ ਗਰੁੱਪਾਂ ਨੂੰ ਸਿਰਫ਼ ਥਾਂ ਹੀ ਨਹੀਂ ਦਿੱਤੀ ਗਈ, ਸਗੋਂ ਹੋਰ ਲੋੜੀਂਦੀਆਂ ਸਹੂਲਤਾਂ ਵੀ ਉਪਲਬਧ ਕਰਵਾਈਆਂ ਗਈਆਂ, ਤਾਂ ਜੋ ਮਹਿਲਾਵਾਂ ਆਪਣੇ ਬਣਾਏ ਸਮਾਨ ਦੀ ਚੰਗੀ ਤਰ੍ਹਾਂ ਵਿਕਰੀ ਕਰ ਸਕਣ ਅਤੇ ਆਤਮਨਿਰਭਰ ਬਣ ਸਕਣ।ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਮੇਲਾ ਲਗਾਉਣ ਤੋਂ ਪਹਿਲਾਂ ਉਨ੍ਹਾਂ ਨੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਸਪਸ਼ਟ ਹਦਾਇਤਾਂ ਦਿੱਤੀਆਂ ਸਨ ਕਿ ਔਰਤਾਂ ਅਤੇ ਪਰਿਵਾਰਾਂ ਦੀ ਸੁਰੱਖਿਆ ਵਿੱਚ ਕੋਈ ਵੀ ਕਮੀ ਨਾ ਰਹੇ। ਇਸੇ ਕਾਰਨ ਹਰ ਰੋਜ਼ ਪਰਿਵਾਰਾਂ ਦੇ ਪਰਿਵਾਰ ਬੇਫਿਕਰ ਹੋ ਕੇ ਮੇਲੇ ਵਿੱਚ ਸ਼ਾਮਿਲ ਹੋਏ। ਮਜ਼ਬੂਤ ਸੁਰੱਖਿਆ ਪ੍ਰਬੰਧ, ਸੀ.ਸੀ.ਟੀ.ਵੀ ਨਿਗਰਾਨੀ, ਮਹਿਲਾ ਪੁਲਿਸ ਬਲ ਅਤੇ ਸੁਚੱਜੇ ਟਰੈਫਿਕ ਪ੍ਰਬੰਧਨ ਨੇ ਮੇਲੇ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਬਣਾਇਆ।ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਗੇ ਕਿਹਾ ਕਿ ਇਸ ਵਿਰਾਸਤੀ ਮੇਲੇ ਦੀ ਲੋਕਪ੍ਰਿਯਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਹਿਲੇ ਦਿਨ ਲਗਭਗ 10 ਹਜ਼ਾਰ ਲੋਕ ਪਹੁੰਚੇ, ਤੀਜੇ ਦਿਨ ਇਹ ਗਿਣਤੀ 30 ਹਜ਼ਾਰ, ਪੰਜਵੇਂ ਦਿਨ 50 ਹਜ਼ਾਰ ਅਤੇ ਆਖਰੀ ਦਿਨ ਸਾਰੇ ਰਿਕਾਰਡ ਟੁੱਟ ਗਏ ਜਦੋਂ ਕਰੀਬ 70 ਹਜ਼ਾਰ ਲੋਕ ਮੇਲੇ ਵਿੱਚ ਸ਼ਾਮਿਲ ਹੋਏ। ਮੰਤਰੀ ਸੌਂਦ ਨੇ ਇਸਨੂੰ ਲੋਕਾਂ ਦੇ ਭਰਪੂਰ ਸਹਿਯੋਗ ਦਾ ਨਤੀਜਾ ਦੱਸਦਿਆਂ ਐਲਾਨ ਕੀਤਾ ਕਿ ਭਵਿੱਖ ਵਿੱਚ ਹੋਰ ਵੀ ਵੱਡੇ ਅਤੇ ਸ਼ਾਨਦਾਰ ਮੇਲੇ ਕਰਵਾਏ ਜਾਣਗੇ।ਉਨ੍ਹਾਂ ਵਾਅਦਾ ਕੀਤਾ ਕਿ ਪੰਜਾਬ ਵਿੱਚ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਖੰਨਾ ਵਿੱਚ 15 ਦਿਨਾਂ ਦਾ ਵਿਸ਼ਾਲ ਮੇਲਾ ਕਰਵਾਇਆ ਜਾਵੇਗਾ, ਜੋ ਪੂਰੇ ਭਾਰਤ ਵਿੱਚ ਆਪਣੀ ਵਿਲੱਖਣ ਪਛਾਣ ਬਣਾਵੇਗਾ।ਕੈਬਨਿਟ ਮੰਤਰੀ ਸੌਂਦ ਨੇ ਇਸ ਸਫਲ ਮੇਲੇ ਲਈ ਸਿਵਲ ਪ੍ਰਸ਼ਾਸਨ, ਪੁਲਿਸ ਵਿਭਾਗ ਅਤੇ ਸੈਨਾ ਦੇ ਅਧਿਕਾਰੀਆਂ ਦਾ ਵੀ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਰਿਆਂ ਦੇ ਬੇਹਤਰੀਨ ਤਾਲਮੇਲ ਅਤੇ ਮਿਹਨਤ ਸਦਕਾ ਹੀ ਇਹ ਮੇਲਾ ਸੁਚੱਜੇ ਅਤੇ ਸਫਲ ਢੰਗ ਨਾਲ ਸੰਪੰਨ ਹੋ ਸਕਿਆ।ਇਸ ਮੌਕੇ ਉਹ ਮਹਿਲਾਵਾਂ ਅਤੇ ਸੈਲਫ਼ ਹੈਲਪ ਗਰੁੱਪ ਵੀ ਸਨਮਾਨਿਤ ਕੀਤੇ ਗਏ, ਜਿਨ੍ਹਾਂ ਨੇ ਮੇਲੇ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਉੱਚ ਗੁਣਵੱਤਾ ਵਾਲਾ ਸਮਾਨ ਤਿਆਰ ਕੀਤਾ। ਪੰਜਾਬ ਵੂਮੈਨ ਐਕਸੀਲੈਂਸ ਐਸ.ਐਚ.ਜੀ ਸਤਨਾਮ ਗਰੁੱਪ ਨੂੰ 35 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ। ਇਸਤੋਂ ਇਲਾਵਾ ਦੀਪ, ਸਤਲੁਜ, ਬੇਬੇ ਨਾਨਕੀ ਅਤੇ ਸਰਬੱਤ ਦਾ ਭਲਾ ਗਰੁੱਪ ਨੂੰ 10-10 ਹਜ਼ਾਰ ਰੁਪਏ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਮਹਿਲਾ ਉਦਯਮ ਸ਼ਕਤੀ ਗਰੁੱਪ ਨੂੰ 25 ਹਜ਼ਾਰ ਰੁਪਏ ਦਾ ਵਿਸ਼ੇਸ਼ ਇਨਾਮ ਦਿੱਤਾ ਗਿਆ।ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਐਸ.ਡੀ.ਐਮ ਮੈਡਮ ਸਵਾਤੀ ਟਿਵਾਣਾ ਅਤੇ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਜਾਂਬਾਜ਼ ਮਹਿਲਾ ਅਧਿਕਾਰੀਆਂ ਦੀ ਲਗਨ, ਮਿਹਨਤ ਅਤੇ ਸੁਚੱਜੇ ਪ੍ਰਬੰਧਨ ਸਦਕਾ ਹੀ ਮੇਲਾ ਬਿਲਕੁਲ ਸੁਰੱਖਿਅਤ ਅਤੇ ਸਫਲਤਾਪੂਰਵਕ ਸੰਪੰਨ ਹੋਇਆ।ਕੁੱਲ ਮਿਲਾ ਕੇ ਪੰਜਾਬ ਸਖੀ ਸ਼ਕਤੀ ਮੇਲਾ–2026 ਸਿਰਫ਼ ਇੱਕ ਸੱਭਿਆਚਾਰਕ ਸਮਾਗਮ ਨਹੀਂ, ਸਗੋਂ ਇਹ ਮਹਿਲਾ ਸਸ਼ਕਤੀਕਰਨ, ਸਮਾਜਿਕ ਏਕਤਾ ਅਤੇ ਪ੍ਰਸ਼ਾਸਨਿਕ ਸੁਚੱਜੇਪਣ ਦਾ ਸ਼ਾਨਦਾਰ ਉਦਾਹਰਨ ਬਣ ਕੇ ਉਭਰਿਆ। ਰੰਗਾਰੰਗ ਪ੍ਰੋਗਰਾਮਾਂ, ਲੋਕਧਾਰਾ ਦੀ ਝਲਕ, ਸੁਰੱਖਿਅਤ ਮਾਹੌਲ ਅਤੇ ਲੋਕਾਂ ਦੀ ਭਾਰੀ ਭਾਗੀਦਾਰੀ ਨੇ ਇਸ ਮੇਲੇ ਨੂੰ ਇਤਿਹਾਸਕ ਬਣਾ ਦਿੱਤਾ, ਜੋ ਲੰਮੇ ਸਮੇਂ ਤੱਕ ਲੋਕਾਂ ਦੀਆਂ ਯਾਦਾਂ ਵਿੱਚ ਵਸਿਆ ਰਹੇਗਾ।
Trending
- *ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਨੇ ਲੁਧਿਆਣਾ ਵਿੱਚ ਮਾਲ ਅਧਿਕਾਰੀਆਂ ਨੂੰ ਮਾਲ ਸੇਵਾਵਾਂ ਦੀ ਪੈਂਡੈਂਸੀ ਖਤਮ ਕਰਨ ਦੇ ਦਿੱਤੇ ਹੁਕਮ
- *ਜ਼ਿਲ੍ਹਾ ਲੁਧਿਆਣਾ ਵਿੱਚ 26 ਮਈ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਧਾਰਾ 163 ਲਾਗੂ, ਇਕੱਠ ਅਤੇ ਰੈਲੀਆਂ ‘ਤੇ ਪਾਬੰਦੀ
- ਡੀ.ਸੀ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਨਿੱਜੀ ਸਕੂਲਾਂ ਦੀ ਫੀਸ ਨਿਗਰਾਨੀ ਲਈ ਜ਼ਿਲ੍ਹਾ ਪੱਧਰੀ ਰੈਗੂਲੇਟਰੀ ਕਮੇਟੀ ਕੀਤੀ ਗਠਿਤ
- ਨਗਰ ਕੌਂਸਲ/ਪੰਚਾਇਤ ਚੋਣਾਂ; ਉਮੀਦਵਾਰ ਨਿਰਧਾਰਤ ਹੱਦ ਅੰਦਰ ਹੀ ਖਰਚ ਕਰਨ : ਵਧੀਕ ਜ਼ਿਲ੍ਹਾ ਚੋਣ ਅਫ਼ਸਰ
- ਐਸ.ਡੀ.ਐਮ ਜਸਲੀਨ ਕੌਰ ਭੁੱਲਰ ਨੇ ਅਧਿਕਾਰੀਆਂ ਨੂੰ ਸੁਚਾਰੂ ਪ੍ਰੀਖਿਆ ਸੰਚਾਲਨ ਦੇ ਦਿੱਤੇ ਨਿਰਦੇਸ਼
- ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਲਈ ਨਾਮਜ਼ਦਗੀਆਂ ਦਾ ਦੂਜਾ ਦਿਨ ; 17 ਨਾਮਜ਼ਦਗੀਆਂ ਦਾਖ਼ਲ
- ਸੰਭਾਵੀ ਹੜ੍ਹ ਸਥਿਤੀ ਲਈ ਜ਼ਿਲ੍ਹਾ ਅਤੇ ਸਬ-ਡਵੀਜ਼ਨ ਪੱਧਰ ‘ਤੇ ਕੰਟਰੋਲ ਰੂਮ ਸਥਾਪਤ ਕੀਤੇ ਜਾਣਗੇ: ਏਡੀਸੀ ਪੂਨਮ ਸਿੰਘ
- ਐਕਟ ਹਿਊਮਨ ਸੋਸਾਇਟੀ ਦੇ ਸੰਸਥਾਪਕ ਹਰਲੀਨ ਕੌਰ ਨੇ ਪੂਰੀ ਕੀਤੀ ਜਨਗਣਨਾ 2027 ਦੀ ਸਵੈ-ਗਣਨਾ


