ਅੰਮ੍ਰਿਤਸਰ/ ਅਜਨਾਲਾ,1 ਮਾਰਚ- ਆਮ ਆਦਮੀ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ, ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਸ੍ਰੀ ਮੁਨੀਸ਼ ਸਿਸੋਦੀਆ ਨਾਲ ਉਚੇਚੇ ਤੌਰ ਤੇ ਨਿੱਜੀ ਮੁਲਾਕਾਤ ਕੀਤੀ ਅਤੇ ਮੁਲਾਕਾਤ ਦੌਰਾਨ ਦਿੱਲੀ ਦੀ ਇੱਕ ਅਦਾਲਤ ਦੇ ਸੀ ਬੀ ਆਈ ਵਲੋਂ ਦਰਜ ਕਥਿਤ ਬੇਬੁਨਿਆਦ ਮਾਮਲੇ ਚ ਆਏ ਬਾਇੱਜ਼ਤ ਬਰੀ ਹੋਣ ਦੇ ਫੈਸਲੇ ਦਾ ਬੁੱਕੇ ਭੇਂਟ ਕਰਕੇ ਸਵਾਗਤ ਕੀਤਾ ਤੇ “ਆਪ” ਪੰਜਾਬ ਇਕਾਈ ਵਲੋਂ ਵਧਾਈ ਦਿੰਦਿਆਂ ਕਿਹਾ ਕਿ ਅਦਾਲਤ ਵਲੋਂ ਉਨ੍ਹਾਂ ( ਸ੍ਰੀ ਕੇਜਰੀਵਾਲ ਤੇ ਸ੍ਰੀ ਸਿਸੋਦੀਆ) ਦੀ ਕੱਟੜ ਇਮਾਨਦਾਰ ਰਾਜਨੀਤੀ ‘ਤੇ ਮੋਹਰ ਲਗਾਏ ਜਾਣ ਨਾਲ ਜਿੱਥੇ ਪੰਜਾਬ ਚ ਮੁੱਖ ਮੰਤਰੀ ਸ, ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਸਵੱਛ ਪ੍ਰਸ਼ਾਸ਼ਨ, ਬਹੁ ਵਿਕਾਸ, ਰੁਜ਼ਗਾਰ ਤੇ ਲੋਕ ਸਹੂਲਤਾਂ ਸਕੀਮਾਂ ਸਮੇਤ ਪੰਜਾਬ ਚ ਯੁੱਧ ਨਸ਼ਿਆਂ ਵਿਰੁੱਧ ਤੇ ਗੈਂਗ਼ਸਟਰਾਂ ਵਿਰੁੱਧ ਅਪ੍ਰੇਸ਼ਨ ਪਰਿਹਾਰ ਨੂੰ ਪਹਿਲਾਂ ਨਾਲੋਂ ਵੱਧ ਮਜ਼ਬੂਤੀ ਮਿਲੇਗੀ, ਉਥੇ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਸਮੂਹ ਆਗੂਆਂ ਤੇ ਵਲੰਟੀਅਰਾਂ ਚ ਹੋਰ ਨਵੇਂ ਖੂਨ ਦਾ ਸੰਚਾਰ ਹੋਣ ਨਾਲ ਨਵੀਂ ਜਾਨ ਪਏਗੀ।
ਮੁਲਾਕਤ ਉਪਰੰਤ ਗੱਲਬਾਤ ਦੌਰਾਨ ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ. ਧਾਲੀਵਾਲ ਨੇ ਇਹ ਵੀ ਕਿਹਾ ਕਿ ਸ੍ਰੀ ਕੇਜਰੀਵਾਲ ਤੇ ਸ੍ਰੀ ਸਿਸੋਦੀਆ ਨੂੰ ਅਦਾਲਤ ਵੱਲੋਂ ਬਾਇੱਜ਼ਤ ਬਰੀ ਕੀਤੇ ਜਾਣ ਨਾਲ ਆਮ ਆਦਮੀ ਪਾਰਟੀ ਦੀ ਕੱਟੜ ਇਮਾਨਦਾਰ ਰਾਜਨੀਤੀ ਨੂੰ ਇੱਕ ਗਿਣੀ ਮਿੱਥੀ ਸਾਜ਼ਿਸ਼ ਤਹਿਤ ਕੌਮੀ ਪੱਧਰ ਤੇ ਸਵਾਲੀਆ ਚਿੰਨ੍ਹ ਲਾਉਂਦਿਆਂ ਬਦਨਾਮ ਕੀਤੇ ਜਾਣ ਦੇ ਨਾਕਾਰਤਮਿਕ ਤੇ ਗੁੰਮਰਾਹਕੁੰਨ ਪਰਚਾਰ ਚ ਵਿਰੋਧੀ ਧਿਰ ਭਾਜਪਾ ਨੂੰ ਬੁਰੀ ਤਰ੍ਹਾਂ ਮੂੰਹ ਦੀ ਖਾਣੀ ਪਈ ਹੈ। ਸ. ਧਾਲੀਵਾਲ ਨੇ ਸ੍ਰੀ ਕੇਜਰੀਵਾਲ ਤੇ ਸ੍ਰੀ ਸਿਸੋਦੀਆ ਨੂੰ ਅਦਾਲਤ ਵਲੋਂ ਬਾਇੱਜ਼ਤ ਬਰੀ ਕੀਤੇ ਜਾਣ ਲਈ ਦਿੱਤੇ ਸਨਮਾਨਜਨਕ ਫੈਸਲੇ ਨੂੰ ਅਧਾਰ ਬਣਾ ਕੇ ਕਾਂਗਰਸ,ਭਾਜਪਾ ਤੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵਲੋਂ ਵੱਖਰੇ ਵੱਖਰੇ ਤੌਰ ਤੇ ਕੀਤੀ ਜਾ ਰਹੀ ਬੇਲੋੜੀ ਨੁਕਤਾਚੀਨੀ ਨੂੰ ਆੜੇ ਹੱਥੀ ਲਿਆ ਅਤੇ ਕਿਹਾ ਅਸਲ ਚ ਅਦਾਲਤ ਦੇ ਆਪ ਦੀ ਸੀਨੀਅਰ ਲੀਡਰਸ਼ਿਪ ਦੇ ਹੱਕ ਚ ਸਨਮਾਨ ਭਰਪੂਰ ਇਤਿਹਾਸਿਕ ਫੈਸਲੇ ਨਾਲ ਅਗਲੇ ਸਾਲ 2027 ਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਚ ਇਨ੍ਹਾਂ ਵਿਰੋਧੀ ਰਾਜਸੀ ਧਿਰਾਂ ਨੂੰ ਕੰਧ ਤੇ ਸਾਫ਼ ਲਿਖੀ ਤੇ ਪੜ੍ਹੀ ਜਾ ਰਹੀ ਆਪਣੀ ਬੁਰੀ ਤਰ੍ਹਾਂ ਹਾਰ ਨੂੰ ਵੇਖਕੇ ਬੁਖਲਾਹਟ ਖਾਹ ਰਹੀ ਹੈ। ਉਹਨਾਂ ਨੇ ਇਨ੍ਹਾਂ ਸੂਬਾਈ ਵਿਰੋਧੀ ਧਿਰਾਂ ਦੀ ਘੇਰਾਬੰਦੀ ਕਰਦਿਆਂ ਇਹ ਵੀ ਪੁੱਛਿਆ ਕਿ ਜੇਕਰ ਵੱਖ ਵੱਖ ਮੁਕਦਮੇਬਾਜ਼ੀ ਕੇਸਾਂ ਦਾ ਸਾਹਮਣਾ ਕਰ ਰਹੇ ਇਨ੍ਹਾਂ ਧਿਰਾਂ ਦੇ ਸੀਨੀਅਰ ਆਗੂਆਂ ਹੱਕ ਚ ਅਦਾਲਤਾਂ ਫੈਸਲੇ ਸੁਣਾ ਕੇ ਲੋਕ ਸਭਾ ਮੈਂਬਰੀ ਤੱਕ ਬਹਾਲ ਕਰਨ ਸਮੇਤ ਹੋਰ ਮਾਮਲਿਆਂ ਚ ਰਾਹਤ ਦੇਣ ਤਾਂ ਗੁੜ ਵਾਂਗ ਮਿੱਠੇ ਤੇ ਸੱਚ ਦੀ ਜਿੱਤ ਦੇ ਫੈਸਲੇ ਹਨ ਅਤੇ ਜੇਕਰ “ਆਪ” ਲੀਡਰਸ਼ਿਪ ਵਿਰੁੱਧ ਰਾਜਸੀ ਬਦਲਾਖੋਰੀ ਤਹਿਤ ਬਣਾਏ ਕੇਸ ਰੱਦ ਕਰ ਦਿੱਤੇ ਜਾਣ ਤਾਂ ਕੌੜੇ। ਸ. ਧਾਲੀਵਾਲ ਨੇ ਸ੍ਰੀ ਕੇਜਰੀਵਾਲ ਤੇ ਸ੍ਰੀ ਸਿਸੋਦੀਆ ਦੇ ਹੱਕ ਚ ਨਿਆਂ ਦੇ ਆਏ ਇਸ ਫੈਸਲੇ ਨੂੰ ਸ਼ੁੱਧ ਸੋਨੇ ਵਾਂਗ 100 ਫ਼ੀਸਦ ਖ਼ਰਾ ਕਰਾਰ ਦਿੱਤਾ ਅਤੇ ਕਿਹਾ ਕਿ ਸੱਚ ਨੂੰ ਪ੍ਰੇਸ਼ਾਨ ਤਾਂ ਕੀਤਾ ਜਾ ਸਕਦਾ ਹੈ ਪਰ ਹਰਾਇਆ ਨਹੀਂ ਜਾ ਸਕਦਾ।


