ਖੰਨਾ, ਲੁਧਿਆਣਾ 26 ਫਰਵਰੀ:
ਖੰਨਾ ਦੇ ਦੁਸ਼ਹਿਰਾ ਗਰਾਊਂਡ ਵਿੱਚ ਚੱਲ ਰਹੇ “ਪੰਜਾਬ ਸਖੀ ਸ਼ਕਤੀ ਮੇਲੇ” ਦੇ ਛੇਵੇਂ ਦਿਨ ਮੇਲੇ ਦੀਆਂ ਰੌਣਕਾਂ ਹੋਰ ਵਧ ਗਈਆਂ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮੇਲੇ ਦਾ ਆਨੰਦ ਲੈਣ ਲਈ ਪਹੁੰਚੇ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਨੇ ਮਾਹੌਲ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ। ਇਸ ਮੌਕੇ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਅਤੇ ਪ੍ਰਸਿੱਧ ਕਾਮੇਡੀਅਨ ਬਾਲ ਮੁਕੰਦ ਸਰਮਾ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ। ਉਹਨਾਂ ਦੇ ਨਾਲ ਪੰਜਾਬੀ ਲੋਕ ਗਾਇਕ ਸੁਖਵਿੰਦਰ ਸਿੰਘ ਸੁੱਖੀ ਵੀ ਮੇਲੇ ਵਿੱਚ ਸ਼ਾਮਲ ਹੋਏ। ਦੋਵੇਂ ਨਾਮਵਰ ਹਸਤੀਆਂ ਨੇ ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਨਾਲ ਮੇਲੇ ਵਿੱਚ ਆਈਆਂ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬਾਲ ਮੁਕੰਦ ਸ਼ਰਮਾ ਨੇ ਕਿਹਾ ਕਿ ਖੰਨਾ ਵਿੱਚ ਲੱਗਿਆ ਇਹ ਕਾਰਨੀਵਾਲ ਪੂਰੇ ਪੰਜਾਬ ਲਈ ਇੱਕ ਨਮੂਨਾ ਬਣ ਕੇ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਵੱਲੋਂ ਸੱਭਿਆਚਾਰਕ ਸਰਗਰਮੀਆਂ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਇਹ ਜੀਵੰਤ ਉਦਾਹਰਨ ਹੈ। ਉਹਨਾਂ ਨੇ ਕਿਹਾ ਕਿ ਉਹ ਸਵਰਗੀ ਕਲਾਕਾਰ ਜਸਵਿੰਦਰ ਸਿੰਘ ਭੱਲਾ ਦੇ ਨਾਲ ਪੰਜਾਬ ਦੇ ਅਨੇਕਾਂ ਮੇਲੇ ਵੇਖ ਚੁੱਕੇ ਹਨ, ਪਰ ਖੰਨਾ ਦਾ ਇਹ ਮੇਲਾ ਪ੍ਰਬੰਧਕੀ ਪੱਖੋਂ ਸਭ ਤੋਂ ਵੱਖਰਾ ਤੇ ਸੁਚੱਜਾ ਲੱਗਿਆ।
ਬਾਲ ਮੁਕੰਦ ਸ਼ਰਮਾ ਨੇ ਖਾਸ ਤੌਰ ‘ਤੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਪ੍ਰਸ਼ਾਸਨ ਅਤੇ ਆਯੋਜਕ ਟੀਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਮੇਲੇ ਵਿੱਚ ਹਰ ਕੰਮ ਸਿਸਟਮੈਟਿਕ ਢੰਗ ਨਾਲ ਹੋ ਰਿਹਾ ਹੈ। ਪਾਰਕਿੰਗ ਤੋਂ ਲੈ ਕੇ ਸੁਰੱਖਿਆ ਪ੍ਰਬੰਧਾਂ ਤੱਕ ਅਤੇ ਸਟਾਲਾਂ ਤੋਂ ਲੈ ਕੇ ਸੱਭਿਆਚਾਰਕ ਮੰਚ ਤੱਕ ਹਰ ਥਾਂ ਸੁਚੱਜੇ ਇੰਤਜ਼ਾਮ ਦਿਖਾਈ ਦਿੱਤੇ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਮੇਲੇ ਸਾਨੂੰ ਆਪਣੀ ਮਿੱਟੀ, ਆਪਣੇ ਰਿਵਾਜਾਂ ਅਤੇ ਆਪਣੇ ਸੱਭਿਆਚਾਰ ਨਾਲ ਜੋੜ ਕੇ ਰੱਖਦੇ ਹਨ। ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਨਸ਼ਿਆਂ ਦੇ ਖ਼ਿਲਾਫ਼ ਚੱਲ ਰਹੀ ਮੁਹਿੰਮ ਵਿੱਚ ਅਜਿਹੇ ਮੇਲੇ ਸਹਾਇਕ ਸਾਬਤ ਹੋ ਸਕਦੇ ਹਨ, ਕਿਉਂਕਿ ਜਦੋਂ ਨੌਜਵਾਨ ਖੇਡਾਂ ਅਤੇ ਸੱਭਿਆਚਾਰ ਨਾਲ ਜੁੜਦੇ ਹਨ ਤਾਂ ਉਹ ਗਲਤ ਰਸਤੇ ਤੋਂ ਦੂਰ ਰਹਿੰਦੇ ਹਨ।
ਮੰਤਰੀ ਸੌਂਦ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ 50 ਹਜ਼ਾਰ ਤੋਂ ਵੱਧ ਲੋਕਾਂ ਦੀ ਇੱਕ ਦਿਨ ਵਿੱਚ ਆਮਦ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਬੰਧ ਕੀਤੇ ਗਏ ਹਨ। ਸੁਰੱਖਿਆ, ਸਫਾਈ, ਟ੍ਰੈਫਿਕ ਅਤੇ ਸਿਹਤ ਸਹੂਲਤਾਂ ਨੂੰ ਪਹਿਲ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਸਰਕਾਰ ਦਾ ਮਕਸਦ ਸਿਰਫ਼ ਮਨੋਰੰਜਨ ਨਹੀਂ, ਸਗੋਂ ਸੱਭਿਆਚਾਰ, ਰੋਜ਼ਗਾਰ ਅਤੇ ਮਹਿਲਾ ਸਸ਼ਕਤੀਕਰਨ ਨੂੰ ਇੱਕ ਮੰਚ ‘ਤੇ ਲਿਆਉਣਾ ਹੈ।
ਇਸ ਮੌਕੇ ਗਾਇਕ ਸੁਖਵਿੰਦਰ ਸਿੰਘ ਸੁੱਖੀ ਨੇ ਵੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਖੰਨਾ ਦਾ ਇਹ ਮੇਲਾ ਪੂਰੇ ਪੰਜਾਬ ਵਿੱਚ ਮਸ਼ਹੂਰ ਹੋ ਚੁੱਕਾ ਹੈ। ਹਰ ਪਾਸੇ ਇਸ ਦੀ ਚਰਚਾ ਹੈ ਅਤੇ ਲੋਕ ਦੂਰ-ਦੂਰ ਤੋਂ ਇੱਥੇ ਪਹੁੰਚ ਰਹੇ ਹਨ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਮੇਲੇ ਪੰਜਾਬੀ ਸੱਭਿਆਚਾਰ ਦੇ ਪ੍ਰਚਾਰ-ਪ੍ਰਸਾਰ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਜਦੋਂ ਪ੍ਰਸਿੱਧ ਪੰਜਾਬੀ ਗਾਇਕ ਹਰਫ ਚੀਮਾ ਮੰਚ ‘ਤੇ ਪਹੁੰਚੇ ਤਾਂ ਮਾਹੌਲ ਜੋਸ਼ ਅਤੇ ਉਤਸ਼ਾਹ ਨਾਲ ਭਰ ਗਿਆ। ਹਰਫ ਚੀਮਾ ਨੇ ਆਪਣੇ ਹਿੱਟ ਗੀਤਾਂ ਨਾਲ ਹਜ਼ਾਰਾਂ ਲੋਕਾਂ ਨੂੰ ਭੰਗੜਾ ਪਾਉਣ ‘ਤੇ ਮਜਬੂਰ ਕਰ ਦਿੱਤਾ। ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਸੰਗੀਤ ਦੀ ਧੁਨ ‘ਤੇ ਥਿਰਕਦਾ ਨਜ਼ਰ ਆਇਆ।
ਹਰਫ ਚੀਮਾ ਨੇ ਵੀ ਦਰਸ਼ਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਖੰਨਾ ਦੇ ਲੋਕਾਂ ਦਾ ਪਿਆਰ ਬੇਮਿਸਾਲ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਮੇਲੇ ਕਲਾਕਾਰਾਂ ਲਈ ਵੀ ਇੱਕ ਵੱਡਾ ਮੰਚ ਹੁੰਦੇ ਹਨ, ਜਿੱਥੇ ਉਹ ਸਿੱਧੇ ਤੌਰ ‘ਤੇ ਆਪਣੇ ਦਰਸ਼ਕਾਂ ਨਾਲ ਜੁੜ ਸਕਦੇ ਹਨ।
ਕੁੱਲ ਮਿਲਾ ਕੇ ਖੰਨਾ ਦਾ ਇਹ ਕਾਰਨੀਵਾਲ ਸਿਰਫ਼ ਮਨੋਰੰਜਨ ਦਾ ਕੇਂਦਰ ਨਹੀਂ, ਸਗੋਂ ਸੱਭਿਆਚਾਰਕ ਜਾਗਰੂਕਤਾ, ਸਮਾਜਿਕ ਇਕਤਾ ਅਤੇ ਨਸ਼ਾ ਮੁਕਤ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਵਜੋਂ ਸਾਹਮਣੇ ਆਇਆ ਹੈ। ਪ੍ਰਸ਼ਾਸਨ ਦੇ ਸੁਚੱਜੇ ਪ੍ਰਬੰਧਾਂ, ਵੱਡੀਆਂ ਹਸਤੀਆਂ ਦੀ ਹਾਜ਼ਰੀ ਅਤੇ ਲੋਕਾਂ ਦੇ ਬੇਮਿਸਾਲ ਉਤਸ਼ਾਹ ਨੇ ਇਸ ਮੇਲੇ ਨੂੰ ਪੂਰੇ ਪੰਜਾਬ ਵਿੱਚ ਇੱਕ ਨਮੂਨੇ ਦੇ ਮੇਲੇ ਵਜੋਂ ਸਥਾਪਿਤ ਕਰ ਦਿੱਤਾ ਹੈ।


