ਲੁਧਿਆਣਾ, 25 ਫਰਵਰੀ:
ਨਹਿਰੀ ਜਲ ਸਪਲਾਈ ਪ੍ਰੋਜੈਕਟ ਦੇ ਤਹਿਤ ਅੱਗੇ ਵਧਦੇ ਹੋਏ, ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਬੁੱਧਵਾਰ ਨੂੰ ਮਾਡਲ ਟਾਊਨ ਇਲਾਕੇ (ਵਾਰਡ ਨੰਬਰ 51) ਵਿੱਚ ਪਾਣੀ ਸਪਲਾਈ ਪਾਈਪਲਾਈਨ ਵਿਛਾਉਣ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ।
ਇਸ ਪ੍ਰੋਜੈਕਟ ਦੇ ਤਹਿਤ, ਲਗਭਗ 1.20 ਕਰੋੜ ਰੁਪਏ ਦੀ ਲਾਗਤ ਨਾਲ 1 ਕਿਲੋਮੀਟਰ ਲੰਬੀ ਪਾਈਪਲਾਈਨ ਵਿਛਾਈ ਜਾਵੇਗੀ।
ਇਲਾਕਾ ਕੌਂਸਲਰ ਕੋਮਲਪ੍ਰੀਤ ਮੋਂਟੀ ਸਚਦੇਵਾ ਦੇ ਨਾਲ, ਵਿਧਾਇਕ ਸਿੱਧੂ ਨੇ ਕਿਹਾ ਕਿ ਇਲਾਕੇ ਵਿੱਚ ਇੱਕ ਪਾਣੀ ਵਾਲੀ ਟੈਂਕੀ(ਓ.ਐਚ.ਐਸ.ਆਰ) ਮੌਜੂਦ ਹੈ ਅਤੇ ਇਸ ਪ੍ਰੋਜੈਕਟ ਦੇ ਤਹਿਤ, ਓ.ਐਚ.ਐਸ.ਆਰ ਨਾਲ ਸੰਬੰਧਿਤ ਪਾਈਪਲਾਈਨ ਵਿਛਾਈ ਜਾ ਰਹੀ ਹੈ।
ਵਿਧਾਇਕ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕੰਮ ਕਰਦੇ ਹੋਏ, ਸੂਬੇ ਭਰ ਵਿੱਚ ਲੋਕ-ਕੇਂਦ੍ਰਿਤ ਪ੍ਰੋਜੈਕਟ ਕੀਤੇ ਜਾ ਰਹੇ ਹਨ।
ਵਿਧਾਇਕ ਨੇ ਅੱਗੇ ਕਿਹਾ ਕਿ ਸਬੰਧਤ ਅਧਿਕਾਰੀਆਂ ਨੂੰ ਪਾਈਪਲਾਈਨ ਵਿਛਾਉਂਦੇ ਸਮੇਂ ਵਸਨੀਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਜ਼ਰੂਰੀ ਕਦਮ ਚੁੱਕਣ ਅਤੇ ਨਿਰਧਾਰਤ ਸਮੇਂ ਦੇ ਅੰਦਰ ਪ੍ਰੋਜੈਕਟ ਨੂੰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਇਹ ਕੰਮ ਵਰਲਡ ਬੈਂਕ ਅਤੇ ਏ.ਆਈ.ਆਈ.ਬੀ ਦੁਆਰਾ ਫੰਡ ਕੀਤੇ ਨਹਿਰੀ ਜਲ ਸਪਲਾਈ ਪ੍ਰੋਜੈਕਟ ਦੇ ਪਹਿਲੇ ਪੜਾਅ ਅਧੀਨ ਕੀਤਾ ਜਾ ਰਿਹਾ ਹੈ ਜਿਸ ਤਹਿਤ ਪਿੰਡ ਬਿਲਗਾ (ਨੇੜੇ ਸਾਹਨੇਵਾਲ) ਵਿੱਚ ਇੱਕ ਵਿਸ਼ਵ ਪੱਧਰੀ ਵਾਟਰ ਟ੍ਰੀਟਮੈਂਟ ਪਲਾਂਟ (ਡਬਲਯੂ.ਟੀ.ਪੀ) ਵੀ ਸਥਾਪਤ ਕੀਤਾ ਜਾ ਰਿਹਾ ਹੈ।
ਲਗਭਗ 1300 ਕਰੋੜ ਰੁਪਏ ਦੀ ਲਾਗਤ ਨਾਲ ਕੀਤੇ ਜਾ ਰਹੇ ਇਸ ਪ੍ਰੋਜੈਕਟ ਦੇ ਪਹਿਲੇ ਪੜਾਅ ਤਹਿਤ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪਾਣੀ ਵਾਲੀਆਂ ਟੈਂਕੀਆਂ ਅਤੇ ਸੰਬੰਧਿਤ ਪਾਈਪਲਾਈਨਾਂ ਵਿਛਾਈਆਂ ਜਾ ਰਹੀਆਂ ਹਨ।
ਉਦਘਾਟਨ ਸਮਾਰੋਹ ਦੌਰਾਨ ਤੇਜਿੰਦਰ ਸਿੰਘ ਚੀਮਾ, ਗੁਰਿੰਦਰ ਸਿੰਘ, ਅਜੇਦੀਪ ਸਿੰਘ, ਜਗਪ੍ਰੀਤ ਸਿੰਘ, ਹਿਰਦੇਪਾਲ ਸਿੰਘ, ਰਾਜੀਵ ਪਾਹਵਾ, ਬਾਦਲ ਸਿੰਘ ਸਮੇਤ ਹੋਰ ਮੌਜੂਦ ਸਨ।


