ਲੁਧਿਆਣਾ, 23 ਫਰਵਰੀ (000) – ‘ਸਾਡੇ ਬਜ਼ੁਰਗ, ਸਾਡਾ ਮਾਣਾ ਮੁਹਿੰਮ-2026’ ਤਹਿਤ 25 ਫਰਵਰੀ ਨੂੰ ਗੁਰੂ ਨਾਨਕ ਚੈਰੀਟੇਬਲ ਟਰੱਸਟ, ਗੁਰਮਤਿ ਭਵਨ, ਮੁੱਲਾਂਪੁਰ ਵਿਖੇ ਸਿਹਤ ਜਾਂਚ ਤੇ ਜਾਗਰੂਕਤਾ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਲੁਧਿਆਣਾ ਵਰਿੰਦਰ ਸਿੰਘ ਟਿਵਾਣਾ ਵੱਲੋਂ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਕੈਂਪ ਦੌਰਾਨ, ਖਾਸ ਕਰਕੇ ਬਜੁਰਗਾਂ ਦੀ ਸਿਹਤ ਜਾਂਚ, ਮਾਨਸਿਕ ਕਾਊਂਸਲਿੰਗ, ਕਾਨੂੰਨੀ ਅਧਿਕਾਰ/ਸੀਨੀਅਰ ਸਿਟੀਜਨ ਐਕਟ ਦੀ ਜਾਣਕਾਰੀ, ਬੁਢਾਪਾ ਪੈਨਸ਼ਨ ਫਾਰਮ ਅਤੇ ਸੀਨੀਅਰ ਸਿਟੀਜਨ ਕਾਰਡ ਮੌਕੇ ’ਤੇ ਹੀ ਆਨਲਾਈਨ ਭਰੇ ਜਾਣਗੇ।
ਇਸ ਤੋਂ ਇਲਾਵਾ ਬੈਂਕ ਧੋਖਾਧੜੀ ਤੋਂ ਬਚਣ ਸਬੰਧੀ ਜਾਣਕਾਰੀ, ਯੋਗਾ ਤੇ ਮੈਡੀਟੇਸ਼ਨ ਦੇ ਲਾਭ ਬਾਰੇ ਜਾਣਕਾਰੀ, ਸੈਲਫ ਹੈਲਪ ਗਰੁੱਪਾਂ ਵੱਲੋਂ ਬਜ਼ੁਰਗਾ ਨੂੰ ਉੰਨ ਬੁਣਾਈ, ਕਰੋਸ਼ੀਆ ਆਦਿ ਸਿਖਾਇਆ ਜਾਣਾ, ਪੁਰਾਤਨ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨਾ, ਬੱਚਿਆਂ ਅਤੇ ਬਜ਼ੁਰਗਾਂ ਦਾ ਆਪਸੀ ਤਾਲਮੇਲ ਵਧਾਉਣ ’ਤੇ ਜ਼ੋਰ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਫਰਵਰੀ ਮਹੀਨੇ ਦੌਰਾਨ ਕੁੱਲ ਚਾਰ ਕੈਂਪ ਲਗਾਏ ਜਾਣੇ ਹਨ ਜਿਸ ਵਿੱਚ ਪਹਿਲਾ ਕੈਂਪ 04 ਫਰਵਰੀ ਨੂੰ ਸਵਾਮੀ ਵਿਵੇਕਾਨੰਦ ਚੈਰੀਟੇਬਲ ਹਸਪਤਾਲ, ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ ਵਿਖੇ ਲਗਾਇਆ ਗਿਆ ਜਦਕਿ ਦੂਸਰਾ ਕੈਂਪ 11 ਫਰਵਰੀ ਨੂੰ ਗੁਰੂ ਅਮਰਦਾਸ ਬਿਰਧ ਆਸ਼ਰਮ, ਪਿੰਡ ਸਰਾਭਾ, ਤੀਸਰਾ ਕੈਂਪ 18 ਫਰਵਰੀ ਨੂੰ ਨਿਸ਼ਕਾਮ ਸੇਵਾ ਬਿਰਧ ਆਸ਼ਰਮ, ਪਿੰਡ ਬੀਹਲਾ ’ਚ ਲਗਾਇਆ ਸੀ ਜਿੱਥੇ ਲਾਭਪਾਤਰੀਆਂ ਨੇ ਕੈਂਪਾਂ ਦਾ ਭਰਪੂਰ ਲਾਭ ਲਿਆ। ਟਿਵਾਣਾ ਨੇ ਦੱਸਿਆ ਕਿ ਹੁਣ ਚੌਥਾ ਕੈਂਪ 25 ਫਰਵਰੀ ਨੂੰ ਗੁਰੂ ਨਾਨਕ ਚੈਰੀਟੇਬਲ ਟਰੱਸਟ, ਗੁਰਮਤਿ ਭਵਨ, ਮੁੱਲਾਂਪੁਰ ਵਿਖੇ ਲਗਾਇਆ ਜਾਵੇਗਾ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਲੁਧਿਆਣਾ ਵਰਿੰਦਰ ਸਿੰਘ ਟਿਵਾਣਾ ਵੱਲੋਂ ਜ਼ਿਲ੍ਹੇ ਦੇ ਸਮੂਹ ਸੀਨੀਅਰ ਸਿਟੀਜਨ, ਸੀਨੀਅਰ ਸਿਟੀਜਨ ਐਸੋਸੀਏਸ਼ਨ, ਕਲੱਬਾਂ ਅਤੇ ਸਮਾਜਸੇਵੀ ਸੰਸਥਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੈਂਪ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇ। ਉਨ੍ਹਾਂ ਕਿਹਾ ਆਉਣ ਵਾਲੇ ਸਮੇਂ ਵਿੱਚ ਅਜਿਹੇ ਹੋਰ ਕੈਂਪ ਵੀ ਲਗਾਏ ਜਾਣੇ ਹਨ ਤਾਂ ਜੋ ਸਾਡੇ ਬਜ਼ੁਰਗ ਪੰਜਾਬ ਸਰਕਾਰ ਵੱਲੋਂ ਜਾਰੀ ਲੋਕ ਭਲਾਈ ਸਕੀਮਾਂ ਤੋਂ ਵਾਂਝੇ ਨਾ ਰਹਿ ਸਕਣ।


