ਜਲੰਧਰ, 13 ਫਰਵਰੀ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ‘ਸਾਡੇ ਬਜ਼ੁਰਗ ਸਾਡਾ ਮਾਣ’ ਮੁਹਿੰਮ ਦੀ ਸ਼ੁਰੂਆਤ 16 ਫਰਵਰੀ ਨੂੰ ਸਥਾਨਕ ਰੈੱਡ ਕਰਾਸ ਭਵਨ ਵਿਖੇ ਜ਼ਿਲ੍ਹਾ ਪੱਧਰੀ ਸਿਹਤ ਤੇ ਜਾਗਰੂਕਤਾ ਕੈਂਪ ਨਾਲ ਕੀਤੀ ਜਾ ਰਹੀ ਹੈ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨਰੇਸ਼ ਕੁਮਾਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਕੈਂਪ ਵਿੱਚ ਬਜ਼ੁਰਗਾਂ ਦੀ ਸਿਹਤ ਜਾਂਚ ਤੋਂ ਇਲਾਵਾ ਆਰਥੋ, ਅੱਖਾਂ ਦੀ ਸਕਰੀਨਿੰਗ ਵੀ ਕੀਤੀ ਜਾਵੇਗੀ। ਬਜ਼ੁਰਗਾਂ ਨਾਲ ਸਿਹਤ ਸੰਭਾਲ ਸਬੰਧੀ ਜਾਣਕਾਰੀ ਸਾਂਝੀ ਕਰਨ ਦੇ ਨਾਲ-ਨਾਲ ਕੈਂਪ ਦੌਰਾਨ ਬਜ਼ੁਰਗਾਂ ਦੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਰਜਿਸਟ੍ਰੇਸ਼ਨ ਵੀ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕਾਨੂੰਨੀ ਜਾਗਰੂਕਤਾ ਅਤੇ ਬੈਂਕਾਂ ਵੱਲੋਂ ਬਜ਼ਰਗਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਵੀ ਜਾਣੂ ਕਰਵਾਇਆ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਮੁਹਿੰਮ ਤਹਿਤ 16 ਮਾਰਚ 2026 ਤੱਕ ਜ਼ਿਲ੍ਹੇ ਵਿੱਚ ਵੱਖ-ਵੱਖ ਥਾਈਂ ਵਿਸ਼ੇਸ਼ ਕੈਂਪ ਲਗਾਏ ਜਾਣਗੇ, ਜਿਨ੍ਹਾਂ ਵਿੱਚ ਸਿਹਤ ਜਾਂਚ ਤੋਂ ਇਲਾਵਾ ਬਜ਼ੁਰਗਾਂ ਦੀ ਬਿਹਤਰੀ ਲਈ ਹੋਰ ਗਤੀਵਿਧੀਆਂ ਵੀ ਕਰਵਾਈਆਂ ਜਾਣਗੀਆਂ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਆਪਣੇ ਘਰਾਂ ਅਤੇ ਆਂਢ-ਗੁਆਂਢ ਵਿੱਚ ਰਹਿੰਦੇ ਬਜ਼ੁਰਗਾਂ ਨੂੰ ਇਸ ਮੁਹਿੰਮ ਤਹਿਤ ਲਗਾਏ ਜਾ ਰਹੇ ਸਿਹਤ ਅਤੇ ਜਾਗਰੂਕਤਾ ਕੈਂਪਾਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਲੈ ਕੇ ਆਉਣ ਦੀ ਅਪੀਲ ਕੀਤੀ ਤਾਂ ਜੋ ਉਹ ਇਨ੍ਹਾਂ ਸਹੂਲਤਾਂ ਦਾ ਪੂਰਾ ਲਾਭ ਲੈ ਸਕਣ ਅਤੇ ਸਿਹਤਮੰਦ ਤੇ ਸੁਰਖਿੱਅਤ ਜੀਵਨ ਬਤੀਤ ਕਰ ਸਕਣ।


