ਖੰਨਾ/ਲੁਧਿਆਣਾ 13 ਫਰਵਰੀ:
ਪੰਜਾਬ ਅੰਦਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਹਲਕਾ ਪਾਇਲ ਤੋਂ ਸ਼ਰਧਾਲੂਆਂ ਦਾ ਇੱਕ ਵੱਡਾ ਜੱਥਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਰਵਾਨਾ ਕੀਤਾ ਗਿਆ। ਪਿੰਡ ਰਾਮਪੁਰ ਤੋਂ ਇਸ ਯਾਤਰਾ ਦੀ ਸ਼ੁਰੂਆਤ ਕਰਵਾਉਂਦੇ ਹੋਏ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਹਰੀ ਝੰਡੀ ਦਿਖਾ ਕੇ ਬੱਸ ਨੂੰ ਰਵਾਨਾ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਬਜ਼ੁਰਗ, ਔਰਤਾਂ ਅਤੇ ਹੋਰ ਸ਼ਰਧਾਲੂ ਮੌਜੂਦ ਸਨ, ਜਿਨ੍ਹਾਂ ਵਿੱਚ ਯਾਤਰਾ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਦੱਸਿਆ ਕਿ ਇਹ ਜੱਥਾ ਤਿੰਨ ਦਿਨਾਂ ਦੀ ਯਾਤਰਾ ਲਈ ਰਵਾਨਾ ਹੋਇਆ ਹੈ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਤੋਂ ਇਲਾਵਾ ਸ਼ਰਧਾਲੂ ਵਾਘਾ ਬਾਰਡਰ ਵੀ ਜਾਣਗੇ। ਤੀਜੇ ਦਿਨ ਯਾਤਰਾ ਪੂਰੀ ਕਰਕੇ ਜੱਥਾ ਸੁਰੱਖਿਅਤ ਤਰੀਕੇ ਨਾਲ ਵਾਪਸ ਆਪਣੇ ਘਰਾਂ ਨੂੰ ਪਰਤੇਗਾ। ਉਨ੍ਹਾਂ ਕਿਹਾ ਕਿ ਸਾਰੀ ਯਾਤਰਾ ਦੀ ਵਿਵਸਥਾ ਸਰਕਾਰ ਵੱਲੋਂ ਕੀਤੀ ਗਈ ਹੈ, ਜਿਸ ਵਿੱਚ ਆਵਾਜਾਈ, ਰਹਿਣ-ਸਹਿਣ ਅਤੇ ਭੋਜਨ ਦੀ ਸੁਵਿਧਾ ਸ਼ਾਮਲ ਹੈ।
ਵਿਧਾਇਕ ਗਿਆਸਪੁਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਖੂਬ ਸ਼ਲਾਘਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਬਜ਼ੁਰਗਾਂ ਅਤੇ ਆਮ ਲੋਕਾਂ ਲਈ ਇਕ ਬਹੁਤ ਹੀ ਵਧੀਆ ਅਤੇ ਲਾਭਕਾਰੀ ਉਪਰਾਲਾ ਹੈ। ਇਸ ਯੋਜਨਾ ਦੇ ਤਹਿਤ ਬਜ਼ੁਰਗਾਂ ਨੂੰ ਵੱਡੀ ਸਹੂਲਤ ਮਿਲ ਰਹੀ ਹੈ, ਕਿਉਂਕਿ ਉਨ੍ਹਾਂ ਨੂੰ ਘਰੋਂ ਸਿੱਧਾ ਲਿਆਂਦਾ ਜਾਂਦਾ ਹੈ ਅਤੇ ਯਾਤਰਾ ਪੂਰੀ ਹੋਣ ਉਪਰੰਤ ਸੁਰੱਖਿਅਤ ਤਰੀਕੇ ਨਾਲ ਵਾਪਸ ਘਰ ਛੱਡਿਆ ਜਾਂਦਾ ਹੈ। ਇਸ ਦੌਰਾਨ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈਂਦਾ।
ਉਨ੍ਹਾਂ ਕਿਹਾ ਕਿ ਅਕਸਰ ਬਜ਼ੁਰਗ ਆਪਣੀ ਆਰਥਿਕ ਹਾਲਤ ਜਾਂ ਸਿਹਤ ਕਾਰਨ ਤੀਰਥ ਯਾਤਰਾ ਕਰਨ ਤੋਂ ਵਾਂਝੇ ਰਹਿ ਜਾਂਦੇ ਸਨ, ਪਰ ਇਸ ਯੋਜਨਾ ਨਾਲ ਉਨ੍ਹਾਂ ਦਾ ਇਹ ਸੁਪਨਾ ਸਾਕਾਰ ਹੋ ਰਿਹਾ ਹੈ। ਸਰਕਾਰ ਦਾ ਮਕਸਦ ਹੈ ਕਿ ਹਰ ਧਰਮ ਅਤੇ ਵਰਗ ਦੇ ਲੋਕਾਂ ਨੂੰ ਤੀਰਥ ਅਸਥਾਨਾਂ ਦੇ ਦਰਸ਼ਨਾਂ ਦਾ ਮੌਕਾ ਮਿਲੇ। ਇਸ ਨਾਲ ਲੋਕਾਂ ਦੀ ਆਸਥਾ ਮਜ਼ਬੂਤ ਹੋ ਰਹੀ ਹੈ ਅਤੇ ਸਮਾਜ ਵਿੱਚ ਸਕਾਰਾਤਮਕ ਮਾਹੌਲ ਬਣ ਰਿਹਾ ਹੈ।
ਸ਼ਰਧਾਲੂਆਂ ਨੇ ਵੀ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਯੋਜਨਾ ਉਨ੍ਹਾਂ ਲਈ ਲਾਭਕਾਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੀਤੀਆਂ ਗਈਆਂ ਸ਼ਾਨਦਾਰ ਵਿਵਸਥਾਵਾਂ ਕਾਰਨ ਉਹ ਨਿਸ਼ਚਿੰਤ ਹੋ ਕੇ ਯਾਤਰਾ ਕਰ ਰਹੇ ਹਨ। ਸਮੂਹ ਸ਼ਰਧਾਲੂਆਂ ਨੇ ਸਰਕਾਰ ਦੇ ਇਸ ਉਪਰਾਲੇ ਦੀ ਖੂਬ ਤਾਰੀਫ ਕੀਤੀ।


