ਖੰਨਾ, ਦੋਰਾਹਾ, ਲੁਧਿਆਣਾ, 10 ਫਰਵਰੀ:

ਵਿਧਾਨ ਸਭਾ ਹਲਕਾ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸ਼ਰਧਾਲੂਆਂ ਨੂੰ ਦਰਸ਼ਨ ਕਰਵਾਉਣ ਲਈ ਪਿੰਡ ਬੇਗੋਵਾਲ ਤੋਂ ਸ੍ਰੀ ਅੰਮ੍ਰਿਤਸਰ ਲਈ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਇਸ ਮੌਕੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ
ਇਸ ਬੱਸ ਰਾਹੀਂ ਸ਼ਰਧਾਲੂਆਂ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਦੁਰਗਿਆਣਾ ਮੰਦਿਰ, ਵਾਹਗਾ ਬਾਰਡਰ ਅਤੇ ਜਲਿਆਂਵਾਲਾ ਬਾਗ ਆਦਿ ਸਥਾਨਾਂ ‘ਤੇ ਜਾਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਦੂਸਰੇ ਪੜਾਅ ਤਹਿਤ, ਪੰਜਾਬ ਸਰਕਾਰ ਨੇ ਵੱਖ-ਵੱਖ ਧਾਰਮਿਕ ਸਥਾਨਾਂ ਦੀ ਯਾਤਰਾ ਯੋਜਨਾ ਸ਼ੁਰੂ ਕੀਤੀ ਹੈ। ਇਸ ਯੋਜਨਾ ਤਹਿਤ ਸ਼ਰਧਾਲੂਆਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨ ਦਿਦਾਰੇ ਕਰਵਾਏ ਜਾਣਗੇ।

ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ, ਪੈਗੰਬਰਾਂ ਦੀ ਧਰਤੀ ਹੋਣ ਕਰਕੇ ਸੈਂਕੜਿਆਂ ਸਾਲਾਂ ਤੋਂ ਇਸ ਸੂਬੇ ਨੂੰ ਧਾਰਮਿਕ ਆਸਥਾ ਵਾਲਾ ਸੂਬਾ ਹੋਣ ਦਾ ਮਾਣ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ “ਅਕਸਰ ਬਜ਼ੁਰਗਾਂ ਤੋਂ ਸੁਣਦੇ ਹਾਂ ਕਿ ਜੇਕਰ ਕਿਸੇ ਨੂੰ ਧਾਰਮਿਕ ਅਸਥਾਨ ਦੀ ਯਾਤਰਾ ਕਰਵਾ ਦਿੱਤੀ ਜਾਵੇ ਤਾਂ ਸਵਾ ਮਣ ਸੋਨੇ ਦੇ ਬਰਾਬਰ ਪੁੰਨ ਲੱਗਦਾ ਹੈ। ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਲਈ ਇਹ ਸੇਵਾ ਸ਼ੁਰੂ ਕਰਕੇ ਆਪਣੀ ਉੱਚੀ-ਸੁੱਚੀ ਤੇ ਨੇਕ ਨੀਤੀ ਦਾ ਸਬੂਤ ਦਿੱਤਾ ਹੈ।”

ਉਨ੍ਹਾਂ ਇਹ ਵੀ ਕਿਹਾ ਕਿ ਧਾਰਮਿਕ ਸਥਾਨਾਂ ਦੀ ਯਾਤਰਾ ਦੌਰਾਨ ਰਿਹਾਇਸ਼ ਤੇ ਭੋਜਨ ਦਾ ਸਾਰਾ ਖਰਚ, ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ।

ਉਨ੍ਹਾਂ ਸਪੱਸ਼ਟ ਕੀਤਾ ਇਸ ਯੋਜਨਾ ਤਹਿਤ ਪੰਜਾਬ ਸਰਕਾਰ ਨੇ ਸ਼ਰਧਾਲੂਆਂ ਦੀ ਸੁਖਾਵੀਂ ਯਾਤਰਾ ਲਈ ਵਿਆਪਕ ਪ੍ਰਬੰਧ ਕੀਤੇ ਹਨ ਜਿਸ ਵਿੱਚ 50 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸ਼ਰਧਾਲੂਆਂ ਨੂੰ ਯਾਤਰਾ ਲਈ ਰਜਿਸਟਰ ਕੀਤਾ ਗਿਆ, ਰਜਿਸਟ੍ਰੇਸ਼ਨ ਲਈ ਵੋਟਰ ਆਈ.ਡੀ. ਕਾਰਡ ਵੀ ਲਾਜ਼ਮੀ ਕੀਤਾ ਗਿਆ ਹੈ। ਵਿਧਾਇਕ ਗਿਆਸਪੁਰਾ ਨੇ ਦੱਸਿਆ ਕਿ ਸ਼ਰਧਾਲੂਆਂ ਨੂੰ ਏ.ਸੀ ਬੱਸਾਂ, ਠਹਿਰਨ ਲਈ ਚੰਗੇ ਹੋਟਲ ਅਤੇ ਖਾਣਾ ਮੁਫ਼ਤ ਪ੍ਰਦਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹਰੇਕ ਬੱਸ ਵਿੱਚ ਯਾਤਰੀਆਂ ਦੇ ਸਹਿਯੋਗ ਲਈ ਇੱਕ ਸਹਾਇਕ ਹੋਵੇਗਾ ਅਤੇ ਕਿਸੇ ਵੀ ਤਰ੍ਹਾਂ ਦੀ ਸਿਹਤ ਸਮੱਸਿਆ ਦੀ ਸੂਰਤ ਵਿੱਚ ਤੁਰੰਤ ਸਹਾਇਤਾ ਪ੍ਰਦਾਨ ਕਰਨ ਲਈ ਇੱਕ ਮੈਡੀਕਲ ਟੀਮ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

ਇਸ ਮੌਕੇ ਸ਼ਰਧਾਲੂਆਂ ਵੱਲੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਪੰਜਾਬ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਬੱਚਿਆਂ ਦੇ ਰੁਝੇਵਿਆਂ ਤੇ ਹੋਰ ਪਰਿਵਾਰਕ ਜਿੰਮੇਵਾਰੀਆਂ ਕਾਰਨ ਉਹ ਧਾਰਮਿਕ ਯਾਤਰਾ ਕਰਨ ਤੋਂ ਅਸਮਰੱਥ ਸਨ, ਪਰ ਸੂਬਾ ਸਰਕਾਰ ਨੇ ਉਨ੍ਹਾਂ ਦੀ ਇਹ ਰੀਝ ਵੀ ਪੂਰੀ ਕਰ ਦਿੱਤੀ ਹੈ।

Share.

“I’m a Newswriter, “I write about the trending news events happening all over the world.

Leave A Reply