ਲੁਧਿਆਣਾ, 3 ਫਰਵਰੀ:
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (ਡੀ.ਐਮ.ਸੀ.ਐਚ.) ਦੇ ਸਹਿਯੋਗ ਨਾਲ ਮੰਗਲਵਾਰ ਨੂੰ ‘ਮਿਸ਼ਨ ਸਵਸਥ ਕਵਚ’ ਦੇ ਤੀਜੇ ਪੜਾਅ ਦੌਰਾਨ ਕਰੀਬ 160 ਜਿਮ ਟ੍ਰੇਨਰਾਂ, ਕੋਚਾਂ, ਅਥਲੀਟਾਂ ਨੂੰ ਸੀ.ਪੀ.ਆਰ ਅਤੇ ਬੀ.ਪੀ ਮੋਨੀਟਰਿੰਗ ਕਰਨ ਦੀ ਟਰੇਨਿੰਗ ਦਿੱਤੀ ਗਈ। ਜਿਸ ਦਾ ਉਦੇਸ਼ ਲੁਧਿਆਣਾ ਨੂੰ ਹਾਈਪਰਟੈਨਸ਼ਨ ਮੁਕਤ ਜ਼ਿਲ੍ਹਾ ਬਣਾਉਣਾ ਹੈ।
ਸਹਾਇਕ ਕਮਿਸ਼ਨਰ ਡਾ. ਪ੍ਰਗਤੀ ਵਰਮਾ ਨੇ ਦੱਸਿਆ ਕਿ ਜਿਮ ਟ੍ਰੇਨਰ, ਕੋਚ, ਅਥਲੀਟ ਕਈ ਵਾਰ ਅਭਿਆਸ ਕਰਦੇ ਹੋਏ ਕਾਰਡੀਐਕ ਰੈਸਟ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਮੁਢਲੀ ਸਹਾਇਤਾ ਨਾ ਮਿਲਣ ਕਾਰਨ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ਅਜਿਹੀਆਂ ਘਟਨਾਵਾਂ ਨੂੰ ਕਾਬੂ ਕਰਨ ਲਈ ਅੱਜ ‘ਮਿਸ਼ਨ ਸਵਸਥ ਕਵਚ’ ਦੇ ਤੀਜੇ ਪੜਾਅ ਅਧੀਨ ਜਿਮ ਟ੍ਰੇਨਰਾਂ, ਕੋਚਾਂ, ਅਥਲੀਟਾਂ ਨੂੰ ਸੀ.ਪੀ.ਆਰ ਅਤੇ ਬੀ.ਪੀ ਮੋਨੀਟਰਿੰਗ ਕਰਨ ਦੀ ਟਰੇਨਿੰਗ ਦਿੱਤੀ ਗਈ ਹੈ। ਇਹਨਾਂ ਨੂੰ ਡਾ. ਬਿਸ਼ਵ ਮੋਹਨ, ਮੁੱਖ ਕਾਰਡੀਓਲੋਜਿਸਟ, ਹੀਰੋ ਡੀ.ਐਮ.ਸੀ ਹਾਰਟ ਇੰਸਟੀਚਿਊਟ ਵੱਲੋਂ ਮੁਢਲੇ ਟੈਸਟ ਜੋ ਕਿ ਕਿਸੇ ਵੀ ਵਿਅਕਤੀ ਨੂੰ ਕਸਰਤ ਕਰਨ ਤੋਂ ਪਹਿਲਾਂ ਕਰਵਾਉਣੇ ਚਾਹੀਦੇ ਹਨ ਦੀ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਇਹਨਾਂ ਨੂੰ ਡਾਕਟਰਾਂ ਵੱਲੋਂ ਮੈਡੀਕਲ ਕਲੀਅਰੈਂਸ ਦੇਣ ਤੋਂ ਬਾਅਦ ਵਿਅਕਤੀ ਦੀ ਸਿਹਤ ਨੂੰ ਦੇਖਦੇ ਹੋਏ ਹੀ ਐਕਸਰਸਾਈਜਾਂ ਦੱਸੀਆਂ ਜਾਣ। ਉਨ੍ਹਾਂ ਕਿਹਾ ਕਿ ਡਾਕਟਰਾਂ ਨੇ ਦੱਸਿਆ ਕਿ ਜਿੰਮ ਟ੍ਰੇਨਰਾਂ ਵੱਲੋਂ ਦਿੱਤੀ ਜਾਣ ਵਾਲੀ ਖੁਰਾਕ ਨੂੰ ਚੰਗੀ ਤਰ੍ਹਾਂ ਘੋਖ ਕੇ ਅਤੇ ਵਿਅਕਤੀ ਦੀ ਸਿਹਤ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਦਿੱਤੀ ਜਾਵੇ। ਇਸ ਮੌਕੇ ਸਾਰੇ ਜਿਮ ਟ੍ਰੇਨਰਾਂ ਨੂੰ ਬੀ.ਪੀ ਚੈੱਕ ਕਰਨ ਦੀਆਂ ਮਸ਼ੀਨਾਂ ਮੁਫ਼ਤ ਦਿੱਤੀਆਂ ਗਈਆਂ ਤਾਂ ਜੋ ਇਹ ਆਪਣੇ-ਆਪਣੇ ਜਿੰਮ ਵਿੱਚ ਜਾ ਕੇ ਹੋਰਾਂ ਦਾ ਬੀ.ਪੀ ਮੋਨੀਟਰਿੰਗ ਕਰ ਸਕਣ।
ਡਾ. ਪ੍ਰਗਤੀ ਵਰਮਾ ਨੇ ‘ਮਿਸ਼ਨ ਸਵਸਥ ਕਵਚ’ ਦੇ ਦੂਜੇ ਪੜਾਅ ਦੀ ਸਫਲਤਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਦੂਜੇ ਪੜਾਅ ਅਧੀਨ ਪਿੰਡਾਂ ਦੇ ਸਰਕਾਰੀ ਸਕੂਲਾਂ ਦਾ ਸਾਰਾ ਸਟਾਫ ਅਤੇ 9ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸੀ.ਪੀ.ਆਰ ਅਤੇ ਬੀ.ਪੀ ਦੀ ਟਰੇਨਿੰਗ ਦਿੱਤੀ ਗਈ ਸੀ ਜਿਸ ਵਿੱਚ ਜ਼ਿਲ੍ਹਾ ਲੁਧਿਆਣਾ ਦੇ 46 ਸਰਕਾਰੀ ਸਕੂਲ ਕਵਰ ਕੀਤੇ ਜਾ ਚੁੱਕੇ ਹਨ। ਇਹਨਾਂ ਸਕੂਲਾਂ ਦੇ ਕਰੀਬ 70 ਹਜ਼ਾਰ ਵਿਦਿਆਰਥੀ ਅਤੇ 1000 ਅਧਿਆਪਕ ਟ੍ਰੇਨਿੰਗ ਲੈ ਚੁੱਕੇ ਹਨ। ਇਹਨਾਂ ਸਕੂਲਾਂ ਨੂੰ ਡੀ.ਐਮ.ਸੀ.ਐਚ ਵੱਲੋਂ 500 ਬੀ.ਪੀ ਮਸ਼ੀਨਾਂ ਮੁਫ਼ਤ ਦਿੱਤੀਆਂ ਗਈਆਂ ਸਨ ਤਾਂ ਜੋ ਵਿਦਿਆਰਥੀ ਸਕੂਲਾਂ ਵਿੱਚ ਬੀ.ਪੀ ਮੋਨੀਟਰਿੰਗ ਦੀ ਦੁਹਰਾਈ ਕਰ ਸਕਣ।
ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਸਕੂਲਾਂ ਵਿੱਚ ਮਾਪੇ-ਅਧਿਆਪਕ ਮਿਲਣੀ ਦੌਰਾਨ ਵਿਦਿਆਰਥੀਆਂ ਵੱਲੋਂ ਮਾਪਿਆਂ ਦਾ ਬੀ.ਪੀ ਚੈੱਕ ਕੀਤਾ ਜਾਂਦਾ ਹੈ ਅਤੇ ਹੁਣ ਤੱਕ 8 ਹਜ਼ਾਰ ਮਾਪੇ ਜਿਨਾਂ ਦਾ ਬੀ.ਪੀ ਰਿਸਕ ਜੋਨ ਵਿੱਚ ਹੈ ਲੱਭੇ ਜਾ ਚੁੱਕੇ ਹਨ ਅਤੇ ਇਹਨਾਂ ਮਾਪਿਆਂ ਨੂੰ ਡਾਕਟਰੀ ਸਹਾਇਤਾ ਲੈਣ ਲਈ ਕਿਹਾ ਗਿਆ ਹੈ।
ਡਾ. ਪ੍ਰਗਤੀ ਵਰਮਾ ਨੇ ਕਿਹਾ ਕਿ ‘ਮਿਸ਼ਨ ਸਵਸਥ ਕਵਚ’ ਇੱਕ ਪ੍ਰੋਗਰਾਮ ਤੋਂ ਵੱਧ ਹੈ – ਇਹ ਇੱਕ ਸਿਹਤਮੰਦ, ਮਜ਼ਬੂਤ ਅਤੇ ਹਾਈਪਰਟੈਨਸ਼ਨ-ਮੁਕਤ ਲੁਧਿਆਣਾ ਲਈ ਇੱਕ ਭਾਈਚਾਰਾ-ਸੰਚਾਲਿਤ ਲਹਿਰ ਹੈ। ਜਿੰਮ ਟ੍ਰੇਨਰ, ਕੋਚ, ਐਥਲੀਟ, ਵਿਦਿਆਰਥੀਆਂ, ਅਧਿਆਪਕਾਂ ਅਤੇ ਨਾਗਰਿਕਾਂ ਨੂੰ ਜੀਵਨ-ਰੱਖਿਅਕ ਹੁਨਰਾਂ ਨਾਲ ਸਸ਼ਕਤ ਬਣਾ ਕੇ, ਅਸੀਂ ਇੱਕ ਲਚਕੀਲੀ ਸਿਹਤ ਵਾਤਾਵਰਣ ਪ੍ਰਣਾਲੀ ਬਣਾ ਰਹੇ ਹਾਂ। ਉਨ੍ਹਾਂ ਪ੍ਰਸ਼ਾਸਨ, ਅਕਾਦਮਿਕ ਅਤੇ ਸਿਹਤ ਸੰਭਾਲ ਵਿਚਕਾਰ ਸਹਿਯੋਗ ਨੂੰ ਇੱਕ ਰਾਸ਼ਟਰੀ ਮਾਪਦੰਡ ਵਜੋਂ ਪ੍ਰਸ਼ੰਸਾ ਕੀਤੀ ਅਤੇ ਪਹਿਲੇ ਅਤੇ ਦੂਜੇ ਪੜਾਅ ਨੂੰ ਸਫਲ ਬਣਾਉਣ ਦਾ ਸਿਹਰਾ ਡਾ. ਬਿਸ਼ਵ ਮੋਹਨ ਦੇ ਸਿਰ ਬੰਨਿਆ।
ਡਾ. ਬਿਸ਼ਵ ਮੋਹਨ ਨੇ ਵੱਡੇ ਪੱਧਰ ‘ਤੇ ਸਕ੍ਰੀਨਿੰਗ, ਸ਼ੁਰੂਆਤੀ ਖੋਜ, ਲੰਬੇ ਸਮੇਂ ਦੇ ਹਾਈਪਰਟੈਨਸ਼ਨ ਪ੍ਰਬੰਧਨ, ਦਿਲ ਦੀ ਜਾਗਰੂਕਤਾ ਅਤੇ ਸਮਰੱਥਾ ਨਿਰਮਾਣ ‘ਤੇ ਪਹਿਲਕਦਮੀ ਦੇ ਫੋਕਸ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ”ਇਹ ਜਨਤਕ-ਨਿੱਜੀ-ਅਕਾਦਮਿਕ ਭਾਈਵਾਲੀ ਦਾ ਇੱਕ ਜੀਵਤ ਮਾਡਲ ਹੈ”, ਉਨ੍ਹਾਂ ਇੱਕ ਸੁਰੱਖਿਅਤ ਅਤੇ ਸਿਹਤਮੰਦ ਜੀਵਨ ਲਈ ਸਿਹਤਮੰਦ ਭੋਜਨ, ਨਿਯਮਤ ਕਸਰਤ ਅਤੇ ਜੰਕ ਅਤੇ ਅਲਟਰਾ-ਪ੍ਰੋਸੈਸਡ ਭੋਜਨ ਤੋਂ ਪਰਹੇਜ਼ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।
ਇਸ ਮੌਕੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਜੀਵਨਦੀਪ ਸਿੰਘ, ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ, ‘ਮਿਸ਼ਨ ਸਵਸਥ ਕਵਚ’ ਦੇ ਨੋਡਲ ਅਫ਼ਸਰ-ਕਮ- ਪ੍ਰਿੰਸੀਪਲ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਮਿਟਰੀ ਰੋਡ, ਲੁਧਿਆਣਾ ਸ੍ਰੀਮਤੀ ਚਰਨਜੀਤ ਕੌਰ, ਡਾ. ਰਾਜੇਸ਼ ਆਰੀਆ ਸਲਾਹਕਾਰ ਕਾਰਡੀਅਕ ਅਨੱਸਥੀਸੀਆ ਅਤੇ ਇੰਟੈਂਸਿਵ ਕੇਅਰ, ਡਾ. ਬਿਸ਼ਵ ਮੋਹਨ ਮੁੱਖ ਕਾਰਡੀਓਲੋਜਿਸਟ ਹੀਰੋ ਡੀ.ਐਮ.ਸੀ ਹਾਰਟ ਇੰਸਟੀਚਿਊਟ, ਡਾ. ਗੁਰਪ੍ਰੀਤ ਸਿੰਘ ਵਾਂਡਰ ਪ੍ਰਿੰਸੀਪਲ, ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ, ਮੁਕੇਸ਼ ਵਰਮਾ ਖਜ਼ਾਨਚੀ, ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਮੈਨੇਜਿੰਗ ਸੋਸਾਇਟੀ, ਜ਼ਿਲ੍ਹਾ ਖੇਡ ਅਧਿਕਾਰੀ ਸ਼੍ਰੀ ਕੁਲਦੀਪ ਸਿੰਘ ਚੁੱਘ, ਸਕੱਤਰ ਰੈੱਡ ਕਰਾਸ ਸ਼੍ਰੀ ਨਵਨੀਤ ਜੋਸ਼ੀ ਤੋਂ ਇਲਾਵਾ ਹੋਰ ਵੀ ਮੌਜੂਦ ਸਨ।


