ਮੋਹਾਲੀ, 2 ਫ਼ਰਵਰੀ: ਆਈਸੀਸੀ ਟੀ20 ਵਿਸ਼ਵ ਕੱਪ- 2026 ਦਾ ਆਗ਼ਾਜ਼ 7 ਫ਼ਰਵਰੀ ਤੋਂ ਹੋਵੇਗਾ, ਜਿਸ ਨੂੰ ਲੈਕੇ ਦੇਸ਼ ਭਰ ਦੇ ਕ੍ਰਿਕੇਟ ਪ੍ਰੇਮੀਆਂ ਵਿੱਚ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸੇ ਵਿਚਾਲੇ ਸੋਮਵਾਰ ਨੂੰ ਟੀ20 ਵਿਸ਼ਵ ਕੱਪ ਦੀ ਟਰੌਫ਼ੀ ਚੰਡੀਗੜ੍ਹ ਯੂਨੀਵਰਸਿਟੀ ਦੇ ਘੜੂੰਆ ਕੈਂਪਸ ਵਿਖੇ ਪਹੁੰਚੀ। ਜਿਵੇਂ ਹੀ ਟਰੌਫ਼ੀ ਦੇ ਕੈਂਪਸ ਵਿੱਚ ਆਉਣ ਦੀ ਸੂਚਨਾ ਮਿਲੀ, ਤਾਂ ਕ੍ਰਿਕੇਟ ਪ੍ਰੇਮੀਆਂ ਅਤੇ ਬੱਚਿਆਂ ਦੀ ਭਾਰੀ ਭੀੜ ਇਕੱਠੀ ਹੋ ਗਈ।

ਦੱਸ ਦਈਏ ਕਿ ਜਿੰਨੇ ਖਿਡਾਰੀ ਟੀਮ ਇੰਡੀਆ ਵਿੱਚ ਸ਼ਾਮਲ ਸਨ, ਉਨ੍ਹਾਂ ਸਾਰਿਆਂ ਦੇ ਸਕੂਲਾਂ/ਕਾਲਜਾਂ ਵਿੱਚ ਆਈਸੀਸੀ ਵੱਲੋਂ ਟਰੌਫ਼ੀ ਟੂਰ ਤੈਅ ਕੀਤਾ ਗਿਆ ਹੈ। ਇਸੇ ਦੇ ਤਹਿਤ ਟੀ-20 ਵਿਸ਼ਵ ਕੱਪ ਦੀ ਟਰੌਫੀ ਚੰਡੀਗੜ੍ਹ ਯੂਨੀਵਰਸਿਟੀ ਪਹੁੰਚੀ, ਇੱਥੇ ਟੀਮ ਇੰਡੀਆ ਦਾ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਚੰਡੀਗੜ੍ਹ ਯੂਨੀਵਰਸਿਟੀ ਤੋਂ ਪੜ੍ਹਾਈ ਕਰ ਰਿਹਾ ਹੈ।ਚੰਡੀਗੜ੍ਹ ਯੂਨੀਵਰਸਿਟੀ ਵਿਖੇ ਆਈਸੀਸੀ ਟੀ20 ਵਿਸ਼ਵ ਕੱਪ ਟਰੌਫ਼ੀ ਦਾ ਸੈਰੇਮੋਨੀਅਲ ਗਾਰਡ ਆਫ਼ ਆਨਰ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ, ਜਿਸ ਤੋਂ ਬਾਅਦ ਕੈਂਪਸ ਵਿੱਚ ਜਸ਼ਨ ਅਤੇ ਉਤਸ਼ਾਹ ਦਾ ਮਾਹੌਲ ਬਣ ਗਿਆ। ਚੰਡੀਗੜ੍ਹ ਯੂਨੀਵਰਸਿਟੀ ਦੇ ਵਿਹੜੇ ਟੀ20 ਵਿਸ਼ਵ ਕੱਪ ਟਰੌਫ਼ੀ ਨੂੰ ਦੇਖ ਕੇ ਕ੍ਰਿਕੇਟ ਪ੍ਰੇਮੀ ਬੇਹੱਦ ਖ਼ੁਸ਼ ਹੋਏ। ਹਰ ਕੋਈ ਇਸ ਇਤਿਹਾਸਕ ਪਲ ਦਾ ਗਵਾਹ ਬਣਨਾ ਚਾਹੁੰਦਾ ਸੀ। ਇਸ ਮੌਕੇ ਹਰ ਕੋਈ ਟਰੌਫ਼ੀ ਦੇ ਨਾਲ ਫੋਟੋ ਖਿਚਵਾਉਣ ਲਈ ਉਤਸ਼ਾਹਿਤ ਸੀ। ਇਸ ਦਰਮਿਆਨ ਵਿਦਿਆਰਥੀਆਂ ਨੇ ਟੀਮ ਇੰਡੀਆ ਨੂੰ ਟੀ20 ਵਿਸ਼ਵ ਕੱਪ ਵਿੱਚ ਦੁਬਾਰਾ ਟਰੌਫ਼ੀ ਜਿੱਤਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ।ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਟੂਰਨਾਮੈਂਟ ਦੇ ਅਧਿਕਾਰਤ ਮੈਸਕਾਟ ‘ਬਲੇਜ਼ ਐਂਡ ਟੋਂਕ’ ਦੇ ਨਾਲ ਖੇਡਾਂ ਵਿੱਚ ਜੋਸ਼ ਨਾਲ ਹਿੱਸਾ ਲਿਆ। ਇਸ ਟੂਰ ਨੇ ਇਹ ਸੰਦੇਸ਼ ਦਿੱਤਾ ਕਿ ਟਰੌਫ਼ੀ ਸਿਰਫ਼ ਗਲੋਬਲ ਸਫ਼ਲਤਾ ਤੋਂ ਕਿਤੇ ਜ਼ਿਆਦਾ ਹੈ। ਕਿਉਂਕਿ ਅਰਸ਼ਦੀਪ ਸਿੰਘ ਵਰਗੇ ਹੋਣਹਾਰ ਵਿਦਿਆਰਥੀ ਅਤੇ ਸ਼ਾਨਦਾਰ ਖਿਡਾਰੀ ਨੂੰ ਦੇਖ ਕੇ ਹੋਰਨਾਂ ਵਿਦਿਆਰਥੀਆਂ ਦੇ ਅੰਦਰ ਵੀ ਵਿਸ਼ਵਾਸ ਪੈਦਾ ਹੁੰਦਾ ਹੈ ਕਿ ਉਹ ਵੀ ਆਪਣੇ ਸੁਪਨੇ ਪੂਰੇ ਕਰ ਸਕਦੇ ਹਨ।ਇਹ ਟਰੌਫ਼ੀ ਟੂਰ ‘ਕਲਾਸ ਆਫ਼ 26’ ਤਹਿਤ ਆਈਸੀਸੀ ਵੱਲੋਂ ਡੀਪੀ ਵਰਲਡ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ, ਜਿਸ ਦੇ ਤਹਿਤ ਟੀਮ ਇੰਡੀਆ ਦੇ ਖਿਡਾਰੀਆਂ ਦੇ ਸਕੂਲਾਂ/ਕਾਲਜਾਂ ਵਿੱਚ ਦੌਰਾ ਕੀਤਾ ਜਾ ਰਿਹਾ ਹੈ। ਇਸ ਦਾ ਮੁੱਖ ਮਕਸਦ ਨੌਜਵਾਨ ਪੀੜੀ ਨੂੰ ਪ੍ਰੇਰਿਤ ਕਰਨਾ ਹੈ।

ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪਇੰਦਰ ਸਿੰਘ ਸੰਧੂ ਨੇ ਕਿਹਾ, ਇਹ ਸਮੁੱਚ ਸਾਡੇ ਲਈ ਬਹੁਤ ਹੀ ਮਾਣ ਵਾਲਾ ਪਲ ਹੈ ਕਿ ਸਾਨੂੰ ਆਈਸੀਸੀ ਟੀ20 ਵਿਸ਼ਵ ਕੱਪ 2026 ਟਰੌਫ਼ੀ ਦਾ ਸਵਾਗਤ ਕਰਨ ਦਾ ਮੌਕਾ ਮਿਲਿਆ। ਮੈਂ ਆਈਸੀਸੀ ਟੀ20 ਵਿਸ਼ਵ ਕੱਪ ਲਈ ਟੀਮ ਇੰਡੀਆ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ ਅਤੇ ਮੈਨੂੰ ਭਰੋਸਾ ਹੈ ਕਿ ਇਸ ਵਾਰ ਵੀ ਇਹ ਟਰੌਫ਼ੀ ਭਾਰਤ ਨੂੰ ਹੀ ਮਿਲੇਗੀ। ਅਰਸ਼ਦੀਪ ਸਿੰਘ ਦਾ ਸਫ਼ਰ ਅਨੁਸ਼ਾਸਨ, ਹਲੀਮੀ ਅਤੇ ਲਗਾਤਾਰ ਸਖ਼ਤ ਮਿਹਨਤ ਦੀ ਇੱਕ ਸ਼ਾਨਦਾਰ ਮਿਸਾਲ ਹੈ। ਉਹ ਸਚਮੁੱਚ ਭਾਰਤ ਦੇ ਉੱਭਰਦੇ ਕ੍ਰਿਕੇਟਰਾਂ ਲਈ ਇੱਕ ਰੋਲ ਮਾਡਲ ਹੈ। ਅਰਸ਼ਦੀਪ ਸਿੰਘ ਤੋਂ ਇਲਾਵਾ ਭਾਰਤ ਦੇ ਪ੍ਰਮੁੱਖ ਖੱਬੇ ਹੱਥ ਦੇ ਸਪਿਨ ਗੇਂਦਬਾਜ਼ ਕੁਲਦੀਪ ਯਾਦਵ ਵੀ ਚੰਡੀਗੜ੍ਹ ਯੂਨੀਵਰਸਿਟੀ ਦੇ ਲਖਨਊ ਕੈਂਪਸ ਵਿੱਚ ਪੜ੍ਹ ਰਿਹਾ ਹੈ। ਚੰਡੀਗੜ੍ਹ ਯੂਨੀਵਰਸਿਟੀ ਨੇ ਲਗਾਤਾਰ ਖ਼ੁਦ ਨੂੰ ਇੱਕ ਅਜਿਹੇ ਪਲੇਟਫ਼ਾਰਮ ਦੇ ਰੂਪ ਵਿੱਚ ਸਥਾਪਿਤ ਕੀਤਾ ਹੈ, ਜੋ ਕੌਮਾਂਤਰੀ ਪੱਧਰ ‘ਤੇ ਭਾਰਤੀ ਖੇਡ ਦੇ ਲਾਮਿਸਾਲ ਪ੍ਰਦਰਸ਼ਨ ਦਾ ਸਨਮਾਨ ਕਰਦਾ ਹੈ, ਉਸ ਵਿੱਚ ਸ਼ਾਮਲ ਹੁੰਦਾ ਹੈ ਅਤੇ ਉਸ ਤੋਂ ਪ੍ਰੇਰਨਾ ਲੈਂਦਾ ਹੈ। ਅਰਸ਼ਦੀਪ ਸਿੰਘ ਅਤੇ ਕੁਲਦੀਪ ਯਾਦਵ ਵਰਗੇ ਜਾਣੇ ਮਾਣੇ ਕ੍ਰਿਕਟਰਾਂ ਦਾ ਸਫ਼ਰ ਜਿਨ੍ਹਾਂ ਨੇ ਵਿਸ਼ਵ ਮੰਚ ‘ਤੇ ਭਾਰਤ ਦੀ ਨੁਮਾਇੰਦਗੀ ਕੀਤੀ ਹੈ, ਅਨੁਸ਼ਾਸਨ, ਦ੍ਰਿੜਤਾ ਅਤੇ ਵਚਨਬੱਧਤਾ ਦੀ ਮਿਸਾਲ ਹਨ, ਜਿਨ੍ਹਾਂ ਨੂੰ ਚੰਡੀਗੜ੍ਹ ਯੂਨੀਵਰਸਿਟੀ ਆਪਣਾ ਵਿਦਿਆਰਥੀ ਬਣਾ ਕੇ ਮਾਣ ਮਹਿਸੂਸ ਕਰਦੀ ਹੈ।”ਦੱਸਣਯੋਗ ਹੈ ਕਿ ਆਈਸੀਸੀ ਵੱਲੋਂ ਦੇਸ਼ ਭਰ ਵਿੱਚ ਟਰੌਫ਼ੀ ਟੂਰ ਕਰਵਾਇਆ ਜਾ ਰਿਹਾ ਹੈ, ਜਿਸ ਦੇ ਤਹਿਤ ਆਈਸੀਸੀ ਟੀ20 ਵਿਸ਼ਵ ਕੱਪ ਟਰੌਫ਼ੀ ਭਾਰਤ ਦੇ ਕਈ ਸਟਾਰ ਕ੍ਰਿਕੇਟਰਾਂ ਦੇ ਪੁਰਾਣੇ ਸਿੱਖਿਅਕ ਅਦਾਰਿਆਂ ਵਿੱਚ ਘੁੰਮ ਚੁੱਕੀ ਹੈ, ਜਿਸ ਵਿੱਚ ਵਡੋਦਰਾ ਵਿੱਚ ਹਾਰਦਿਕ ਪਾਂਡਿਆ, ਪਟਨਾ ਵਿੱਚ ਈਸ਼ਾਨ ਕਿਸ਼ਨ, ਚੇਨਈ ਵਿੱਚ ਵਾਸ਼ਿੰਗਟਨ ਸੁੰਦਰ ਅਤੇ ਵਰੁਣ ਚੱਕਰਵਰਤੀ, ਦਿੱਲੀ ਵਿੱਚ ਹਰਸ਼ਿਤ ਰਾਣਾ, ਅਹਿਮਦਾਬਾਦ ਵਿੱਚ ਜਸਪ੍ਰੀਤ ਬੁਮਰਾਹ, ਨਾਡੀਆਡ ਵਿੱਚ ਅਕਸ਼ਰ ਪਟੇਲ, ਅਲੀਗੜ੍ਹ ਵਿੱਚ ਰਿੰਕੂ ਸਿੰਘ, ਕਾਨਪੁਰ ਵਿੱਚ ਕੁਲਦੀਪ ਯਾਦਵ ਅਤੇ ਚੰਡੀਗੜ੍ਹ ਵਿੱਚ ਅਰਸ਼ਦੀਪ ਸਿੰਘ ਦੇ ਨਾਮ ਸ਼ਾਮਲ ਹਨ। ਇਸ ਤੋਂ ਬਾਅਦ ਹੁਣ ਇਹ ਟਰੌਫ਼ੀ ਮੰਗਲਵਾਰ ਨੂੰ ਅੰਮ੍ਰਿਤਸਰ ਵਿਖੇ ਅਭਿਸ਼ੇਕ ਸ਼ਰਮਾ ਦੇ ਪੁਰਾਣੇ ਸਕੂਲ ਵਿੱਚ ਪਹੁੰਚੇਗੀ।ਇਹ ਕੋਸ਼ਿਸ਼ ਇਨ੍ਹਾਂ ਖਿਡਾਰੀਆਂ ਦੇ ਸ਼ੁਰੂਆਤੀ ਸਾਲਾਂ ਦਾ ਸਨਮਾਨ ਕਰਦੀ ਹੈ, ਸਕੂਲ ਦੇ ਮੈਦਾਨ ਅਤੇ ਕਾਲਜ ਦੇ ਨੈੱਟ ਤੋਂ ਲੈਕੇ ਦੁਨੀਆ ਦੇ ਮੰਚ ਤੱਕ ਅਤੇ ਉਨ੍ਹਾਂ ਸਾਲਾਂ ਦੇ ਅਨੁਸ਼ਾਨ, ਬਲੀਦਾਨ ਅਤੇ ਲਗਨ ਦਾ ਸਨਮਾਨ ਕਰਦੀ ਹੈ ਜੋ ਇੱਕ ਅੰਤਰਰਾਸ਼ਟਰੀ ਕਰੀਅਰ ਨੂੰ ਪਰਿਭਾਸ਼ਿਤ ਕਰਦੇ ਹਨ। ਵਿਦਿਆਰਥੀਆਂ ਨੂੰ ਟਰੌਫ਼ੌ ਦੇ ਨਾਲ ਜਸ਼ਨ ਮਨਾਉਣ ਅਤੇ ਜੁੜਨ ਦਾ ਮੌਕਾ ਦੇਕੇ ਇਹ ਟੂਰ ਗਲੋਬਲ ਟੂਰਨਾਮੈਂਟ ਲਈ ਉਤਸ਼ਾਹ ਅਤੇ ਜੋਸ਼ ਪੈਦਾ ਕਰਦਾ ਹੈ ਅਤੇ ਨਾਲ ਹੀ ਨੌਜਵਾਨਾਂ ਵਿੱਚ ਇਹ ਵਿਸ਼ਵਾਸ ਜਗਾਉਂਦਾ ਹੈ ਕਿ ਹਰ ਮਹਾਨ ਸਫ਼ਰ ਦੀ ਸ਼ੁਰੂਆਤ ਇੱਕ ਛੋਟੇ ਜਿਹੇ ਸੁਪਨੇ ਤੋਂ ਸ਼ੁਰੂ ਹੁੰਦੀ ਹੈ।

Share.

“I’m a Newswriter, “I write about the trending news events happening all over the world.

Leave A Reply