ਲੁਧਿਆਣਾ, 02 ਫਰਵਰੀ – ਭਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਵਿੱਚ ਵਿਭਾਗ ਦੁਆਰਾ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅਨੇਕ ਉਪਰਾਲੇ ਕੀਤੇ ਜਾ ਰਹੇ ਹਨ।

ਇਸੇ ਕੜੀ ਵਿੱਚ ਜ਼ਿਲ੍ਹਾ ਭਾਸ਼ਾ ਦਫ਼ਤਰ, ਲੁਧਿਆਣਾ ਅਤੇ ਪੋਸਟ ਗ੍ਰੇਜੂਏਟ ਪੰਜਾਬੀ ਵਿਭਾਗ, ਏ.ਐੱਸ ਕਾਲਜ ਖੰਨਾ ਦੇ ਸਾਂਝੇ ਉਪਰਾਲੇ ਵਜੋਂ ਕਾਲਜ ਵਿਖੇ ਪ੍ਰੋ. ਗਗਨਦੀਪ ਸ਼ਰਮਾ ਦਾ ਰੂਬਰੂ ਸਮਾਗਮ ਕਰਵਾਇਆ ਗਿਆ। ਪੰਜਾਬੀ ਅਤੇ ਹਿੰਦੀ ਕਵਿਤਾ ਵਿੱਚ ਆਪਣਾ ਵਿਸ਼ੇਸ਼ ਸਥਾਨ ਰੱਖਣ ਵਾਲੇ ਪ੍ਰੋ. ਗਗਨਦੀਪ ਸ਼ਰਮਾ ਇਸ ਸਮੇਂ ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ ਨਵੀਂ ਦਿੱਲੀ ਵਿਖੇ ਮੈਨੇਜਮੈਂਟ ਸਟੱਡੀਜ਼ ਦੇ ਪ੍ਰੋਫ਼ੈਸਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਉਹ ਏ.ਐੱਸ ਕਾਲਜ ਖੰਨਾ ਦੇ ਕਾਮਰਸ ਵਿਭਾਗ ਦੇ ਵਿਦਿਆਰਥੀ ਵੀ ਰਹੇ ਹਨ।

ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ ਨੇ ਵਿਦਿਆਰਥੀਆਂ ਨਾਲ਼ ਪ੍ਰੋ. ਗਗਨਦੀਪ ਸ਼ਰਮਾ ਦੇ ਜੀਵਨ ਸਬੰਧੀ ਸਾਂਝ ਪੁਆਉਂਦਿਆਂ ਕਿਹਾ ਕਿ ਪੰਜਾਬ ਦੇ ਇੱਕ ਪਿੰਡ ਰਾਮਪੁਰ ਤੋਂ ਸਫ਼ਰ ਸ਼ੁਰੂ ਕਰਕੇ ਉਹਨਾਂ ਨੇ ਕੌਮਾਂਤਰੀ ਪੱਧਰ ਉੱਤੇ ਸਿੱਖਿਆ ਅਤੇ ਸਾਹਿਤ ਦੇ ਖੇਤਰ ਵਿੱਚ ਆਪਣਾ ਨਾਮ ਰੌਸ਼ਨ ਕੀਤਾ ਹੈ।
ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਪ੍ਰੀਤ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦਾ ਕਿਸੇ ਵੱਡੇ ਮੁਕਾਮ ਉੱਤੇ ਪਹੁੰਚ ਕੇ ਇਸ ਤਰ੍ਹਾਂ ਕਾਲਜ ਦੇ ਵਿਹੜੇ ਆਉਣਾ ਸ਼ੁਭ ਸ਼ਗਨ ਹੈ।

ਪ੍ਰੋ ਗਗਨਦੀਪ ਸ਼ਰਮਾ ਨੇ ਵਿਦਿਆਰਥੀਆਂ ਨਾਲ਼ ਰੂਬਰੂ ਹੁੰਦਿਆਂ ਆਪਣੇ ਜੀਵਨ ਦੇ ਅਨੁਭਵ ਸਾਂਝੇ ਕੀਤੇ। ਉਹਨਾਂ ਕਿਹਾ ਕਿ ਇਹ ਵੱਡੀ ਤਰੱਕੀ ਲਈ ਵੱਡੀਆਂ ਤੇ ਮਹਿੰਗੀਆਂ ਸੰਸਥਾਵਾਂ ਵਿੱਚ ਪੜ੍ਹਾਈ ਕਰਨ ਤੋਂ ਜ਼ਿਆਦਾ ਮਹੱਤਵਪੂਰਨ ਮਨ ਵਿੱਚ ਲੀਕ ਤੋਂ ਹਟ ਕੇ ਜ਼ਿੰਦਗੀ ਜਿਉਣ ਦਾ ਜਜ਼ਬਾ ਹੋਣਾ ਜ਼ਰੂਰੀ ਹੈ। ਉਨ੍ਹਾਂ ਆਪਣੇ ਨਿੱਜੀ ਅਨੁਭਵ ਦੇ ਹਵਾਲੇ ਨਾਲ਼ ਦੱਸਿਆ ਕਿ ਕਿਵੇਂ ਇੱਕ ਸਧਾਰਨ ਵਿਦਿਆਰਥੀ ਹੋਣ ਦੇ ਬਾਵਜੂਦ ਇਸੇ ਜਜ਼ਬੇ ਕਾਰਨ ਦੁਨੀਆ ਭਰ ਵਿੱਚ ਆਤਮ-ਵਿਸ਼ਵਾਸ ਅਤੇ ਕਾਮਯਾਬੀ ਨਾਲ਼ ਵਿਚਰ ਰਹੇ ਹਨ।

ਜ਼ਿਕਰਯੋਗ ਹੈ ਕਿ ਇਸ ਵੇਲੇ ਉਹ ਹੰਗਰੀ, ਪੋਲੈਂਡ ਤੇ ਮਲੇਸ਼ੀਆ ਵਰਗੀਆਂ ਯੂਨੀਵਰਸਿਟੀਆਂ ਵਿੱਚ, ਵਿਜਟਿੰਗ ਪ੍ਰੋਫੈਸਰ ਵਜੋਂ ਵੀ ਕਾਰਜ ਕਰ ਰਹੇ ਹਨ।

ਪ੍ਰੋ ਗਗਨਦੀਪ ਸ਼ਰਮਾ ਨੇ ਅੱਗੇ ਕਿਹਾ ਕਿ ਘਰ ਦੇ ਮਾਹੌਲ ਕਰਕੇ ਉਹ ਕਾਮਰਸ ਦੇ ਵਿਦਿਆਰਥੀ ਹੁੰਦੇ ਹੋਏ ਵੀ ਸਾਹਿਤ ਅਤੇ ਸਿਰਜਣਾ ਨਾਲ਼ ਜੁੜੇ ਰਹੇ। ਉਹਨਾਂ ਨੇ ਇਨ੍ਹਾਂ ਹਵਾਲਿਆਂ ਨਾਲ਼ ਆਪਣੀਆਂ ਕੁਝ ਗ਼ਜ਼ਲਾਂ ਤੇ ਕਵਿਤਾਵਾਂ ਵੀ ਸਾਂਝਿਆਂ ਕੀਤੀਆਂ। ਉਹਨਾਂ ਨੂੰ ਕਾਵਿ-ਪੁਸਤਕ ‘ਇਕੱਲਾ ਨਹੀਂ ਹੁੰਦਾ ਬੰਦਾ’ ਲਈ ਭਾਰਤੀ ਸਾਹਿਤ ਅਕਾਦਮੀ ਦਾ ਯੁਵਾ ਪੁਰਸਕਾਰ ਵੀ ਹਾਸਿਲ ਹੋਇਆ।

ਇਸ ਮੌਕੇ ਕਾਲਜ ਪ੍ਰਸ਼ਾ਼ਸ਼ਨ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ। ਸਮਾਗਮ ਵਿੱਚ ਪ੍ਰਿੰਸੀਪਲ ਕੇ.ਕੇ. ਸ਼ਰਮਾ ਅਤੇ ਕਾਲਜ ਮੈਨੇਜਮੈਂਟ ਕਮੇਟੀ ਦੇ ਸਕੱਤਰ ਅਜੇ ਸੂਦ ਨੇ ਵਿਸ਼ੇਸ਼ ਤੌਰ ਉੱਤੇ ਸ਼ਿਰਕਤ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਲਵਪ੍ਰੀਤ ਸਿੰਘ ਨੇ ਨਿਭਾਈ।
ਇਸ ਮੌਕੇ ਪੰਜਾਬੀ ਵਿਭਾਗ ਤੋਂ ਡਾ.ਮਨਦੀਪ ਕੌਰ ,ਪ੍ਰੋ. ਹਰਜੋਤ ਕੌਰ, ਪ੍ਰੋ. ਰਮਨਦੀਪ ਕੌਰ ਅਤੇ ਹੋਰ ਵਿਭਾਗਾਂ ਪ੍ਰੋ. ਰਵਿੰਦਰਜੀਤ ਸਿੰਘ, ਡਾ.ਸਿਵ ਕੁਮਾਰ ,ਪ੍ਰੋ. ਮਨੂ ਵਰਮਾ,ਡਾ. ਮੋਹਿਤ ਕੁਮਾਰ,ਡਾ.ਯਾਸ਼ਮੀਨ ਸੋਫਤ, ਪ੍ਰੋ. ਰਜਨੀ ਕਾਂਤ ਸ਼ਰਮਾਂ ,ਪ੍ਰੋ.ਦਿਸ਼ਾ, ਡਾ. ਹਰਮਨਜੋਤ ਕੌਰ ਭੱਟੀ, ਡਾ.ਅਰੁਣ ਕੁਮਾਰ ਸ਼ਰਮਾ,ਡਾ. ਪ੍ਰਿੰਸਪਾਲ ਮੁਖੀਜਾ , ਡਾ.ਸ਼ਸ਼ੀ ਸ਼ਰਮਾ,ਪ੍ਰੋ.ਸੌਰਵ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਸ਼ਾਮਿਲ ਹੋਏ।

Share.

“I’m a Newswriter, “I write about the trending news events happening all over the world.

Leave A Reply