ਬਰਨਾਲਾ – ਪੰਜਾਬ ਸਰਕਾਰ ਵੱਲੋਂ ਵਾਹਨ ਚਾਲਕਾਂ ਨੂੰ ਵੱਡੀ ਸਹੂਲਤ ਦਿੰਦੇ ਹੋਏ ਡਰਾਈਵਿੰਗ ਲਾਇਸੈਂਸ ਤੇ ਵਾਹਨ ਰਜਿਸਟ੍ਰੇਸ਼ਨ ਨਾਲ ਸਬੰਧਤ ਟਰਾਂਸਪੋਰਟ ਵਿਭਾਗ ਦੀਆਂ 27 ਸੇਵਾਵਾਂ ਹੁਣ ਸੇਵਾ ਕੇਂਦਰਾਂ ’ਚ ਮੁਹੱਈਆ ਕਰਾਈਆਂ ਜਾਣਗੀਆਂ। ਇਨ੍ਹਾਂ ਸੇਵਾਵਾਂ ਵਿਚ 15 ਸੇਵਾਵਾਂ ਡਰਾਈਵਿੰਗ ਲਾਇਸੈਂਸ ਨਾਲ ਸਬੰਧਤ ਅਤੇ 12 ਵਾਹਨ ਰਜਿਸਟ੍ਰੇਸ਼ਨ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਮਾਲ ਵਿਭਾਗ ਨਾਲ ਸਬੰਧਤ 5 ਹੋਰ ਸੇਵਾਵਾਂ ਵੀ ਸੇਵਾ ਕੇਂਦਰਾਂ ਵਿਚ ਹੀ ਮੁਹੱਈਆ ਕਰਵਾਈਆਂ ਜਾਣਗੀਆਂ। ਜਿਹੜੇ ਨਾਗਰਿਕ ਸੇਵਾ ਕੇਂਦਰ ਨਹੀਂ ਆ ਸਕਦੇ, ਉਹ ਫੋਨ ਨੰਬਰ 1076 ਡਾਇਲ ਕਰ ਕੇ ਇਨ੍ਹਾਂ ਸੇਵਾਵਾਂ ਦਾ ਲਾਭ ਡੋਰ ਸਟੈਪ ਡਲਿਵਰੀ ਹਾਸਲ ਕਰ ਸਕਦੇ ਹਨ।

ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ (ਵਾਧੂ ਚਾਰਜ) ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਹੁਣ ਡਰਾਈਵਿੰਗ ਲਾਇਸੈਂਸ ਨਾਲ ਸਬੰਧਤ ਸੇਵਾਵਾਂ ’ਚ ਲਰਨਰ ਲਾਇਸੈਂਸ ਨਾਲ ਸਬੰਧਤ ਸੇਵਾਵਾਂ, ਜਿਵੇਂ ਕਿ ਨਵੀਂ ਅਰਜ਼ੀ, ਪਤੇ ਦੀ ਤਬਦੀਲੀ, ਨਾਮ ਦੀ ਤਬਦੀਲੀ, ਡੁਪਲੀਕੇਟ ਲਰਨਲ ਲਾਇਸੈਂਸ ਤੋਂ ਇਲਾਵਾ ਡਰਾਈਵਿੰਗ ਲਾਇਸੈਂਸ ਨਾਲ ਸਬੰਧਤ ਸੇਵਾਵਾਂ ਜਿਵੇਂ ਕਿ ਡੁਪਲੀਕੇਟ ਲਾਇਸੈਂਸ, ਨਵਿਆਉਣ ਸਬੰਧੀ (ਜਿਥੇ ਟੈਸਟ ਟਰੈਕ ਜਾਣ ਦੀ ਜ਼ਰੂਰਤ ਨਹੀਂ), ਰਿਪਲੇਸਮੈਂਟ, ਪਤੇ ਦੀ ਤਬਦੀਲੀ, ਨਾਮ ਦੀ ਤਬਦੀਲੀ, ਜਨਮ ਮਿਤੀ ਦੀ ਦਰੁਸਤੀ, ਡਰਾਈਵਿੰਗ ਲਾਇਸੈਂਸ ਐਕਸਟ੍ਰੈਕਟ ਪ੍ਰੀਵੀਜ਼ਨਿੰਗ, ਲਾਇਸੈਂਸ ਸਰੈਂਡਰ, ਪਬਲਿਕ ਸਰਵਿਸ ਵਹੀਕਲ ਦਾ ਬੈਜ, ਕਡੰਕਟਰ ਲਾਇਸੈਂਸ ਦਾ ਨਵੀਨੀਕਰਨ, ਲਰਨਰ ਲਾਇਸਂਸ ਦੀ ਮਿਆਦ ’ਚ ਵਾਧਾ ਆਦਿ ਸ਼ਾਮਲ ਹਨ।

ਆਰ. ਸੀ. ਨਾਲ ਸਬੰਧਤ ਸੇਵਾਵਾਂ ’ਚ ਡੁਪਲੀਕੇਟ ਆਰ. ਸੀ., ਗੈਰ-ਵਪਾਰਕ ਵਾਹਨ ਦੀ ਮਾਲਕੀ ਤਬਦੀਲੀ, ਹਾਇਰ ਪ੍ਰਚੇਜ਼ ਦੀ ਨਿਰੰਤਰਤਾ (ਮਾਲਕੀ ਤਬਦੀਲੀ/ਨਾਮ ਤਬਦੀਲੀ ਦੀ ਸੂਰਤ ’ਚ), ਹਾਇਰ ਪ੍ਰਚੇਜ਼ ਐਗਰੀਮੈਂਟ ਦੀ ਇੰਨਡੋਰਸਮੈਂਟ, ਵਪਾਰਕ ਵਾਹਨਾਂ ਦਾ ਫਿਟਨੈਂਸ ਸਰਟੀਫਿਕੇਟ (ਭਾਰੇ/ਮੀਡੀਅਮ/ਤਿੰਨ ਪਹੀਆ/ਚਾਰ ਪਹੀਆ/ਐੱਲ.ਐੱਮ.ਵੀ.), ਵਧੀਕ ਲਾਈਫ ਟਾਈਮ (additional life time tax) ਟੈਕਸ ਦੀ ਅਦਾਇਗੀ (ਮਾਲਕੀ ਤਬਦੀਲੀ ਦੀ ਸੂਰਤ ਵਿਚ), ਆਰ. ਸੀ. ਦੇ ਵੇਰਵੇ ਦੇਖਣੇ, ਆਰ. ਸੀ. ਲਈ ਐੱਨ. ਓ. ਸੀ. , ਟਰਾਂਸਪੋਰਟ ਸੇਵਾਵਾਂ ਦੇ ਰਿਕਾਰਡ ’ਚ ਮੋਬਾਈਲ ਨੰਬਰ ਦਾ ਅਪਡੇਟ, ਆਰ. ਸੀ. ਵਿਚ ਪਤੇ ਦੀ ਤਬਦੀਲੀ ਆਦਿ ਸ਼ਾਮਲ ਹਨ।

ਮਾਲ ਵਿਭਾਗ ਦੀਆਂ ਇਹ ਸੇਵਾਵਾਂ ਵੀ ਸ਼ਾਮਲ

ਉਨ੍ਹਾਂ ਦੱਸਿਆ ਕਿ ਡੀਡ ਰਜਿਸਟ੍ਰੇਸ਼ਨ, ਡੀਡ ਦਾ ਖਰੜਾ ਤਿਆਰ ਕਰਨਾ, ਪੂਰਵ-ਪੜਤਾਲ ਲਈ ਡੀਡ ਜਮ੍ਹਾ ਕਰਨੀ, ਸਟੈਂਪ ਡਿਊਟੀ ਦਾ ਭੁਗਤਾਨ, ਇੰਤਕਾਲ ਲਈ ਬੇਨਤੀ (ਵਿਰਾਸਤ ਜਾਂ ਰਜਿਸਟਰਡ ਡੀਡ ਦੇ ਆਧਾਰ ’ਤੇ, ਰਪਟਾਂ ਦੇ ਦਾਖਲੇ ਲਈ ਬੇਨਤੀ (ਅਦਾਲਤੀ ਆਦੇਸ਼ਾਂ, ਬੈਂਕ ਕਰਜ਼ੇ ਦੇ ਗਿਰਵੀਨਾਮੇ ਜਾਂ ਬੈਂਕ ਕਰਜ਼ਿਆਂ/ਗਿਰਵੀਨਾਮੇ ਦੀ ਮੁਆਫੀ ਨਾਲ ਸਬੰਧਤ), ਫਰਦ ਬਦਰ ਲਈ ਬੇਨਤੀ (ਰਿਕਾਰਡ ਵਿਚ ਸੁਧਾਰ), ਡਿਜੀਟਲ ਤੌਰ ’ਤੇ ਦਸਤਖਤ ਕੀਤੀ ਫਰਦ ਲਈ ਬੇਨਤੀ ਜਿਹੀਆਂ ਸੇਵਾਵਾਂ ਸੇਵਾ ਕੇਂਦਰਾਂ ਤੋਂ ਮਿਲਣਗੀਆਂ।

12 ਘੰਟੇ ਖੁੱਲ੍ਹਾ ਰਹੇਗਾ ਪ੍ਰੇਮ ਪ੍ਰਧਾਨ ਮਾਰਕੀਟ ਸੇਵਾ ਕੇਂਦਰ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਮ ਲੋਕਾਂ ਦੀ ਸਹੂਲਤ ਲਈ ਬਰਨਾਲਾ ਸ਼ਹਿਰ ਦੇ ਪ੍ਰੇਮ ਪ੍ਰਧਾਨ ਮਾਰਕੀਟ ਵਿਚਲੇ ਸੇਵਾ ਕੇਂਦਰ ’ਚ ਹਰ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਸੇਵਾਵਾਂ ਦਿੱਤੀਆਂ ਜਾਣਗੀਆਂ।

Share.

“I’m a Newswriter, “I write about the trending news events happening all over the world.

Leave A Reply