ਬਠਿੰਡਾ, 26 ਜੂਨ 2025 :ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਤੇ ਡਾ ਰਮਨਦੀਪ ਸਿੰਗਲਾ ਸਿਵਲ ਸਰਜਨ ਬਠਿੰਡਾ ਦੀ ਹਦਾਇਤਾਂ ਅਤੇ ਡਾ ਅਰੁਣ ਬਾਂਸਲ ਜਿਲ੍ਹਾ ਨੋਡਲ ਅਫ਼ਸਰ ਦੀ ਅਗਵਾਈ ਹੇਠ ਜਿਲ੍ਹਾ ਨਸ਼ਾ ਛੁਡਾਊ ਕੇਂਦਰ ਬਠਿੰਡਾ ਵਿਖੇ ਜ਼ਿਲ੍ਹਾ ਪੱਧਰੀ ਅੰਤਰਰਾਸ਼ਟਰੀ ਨਸ਼ਾਖੋਰੀ ਅਤੇ ਨਸ਼ਾ  ਤਸਕਰੀ ਵਿਰੋਧੀ ਦਿਵਸ ਮਨਾਇਆ ਗਿਆ। ਇਸ ਮੌਕੇ ਡਾ ਅਰੁਣ ਬਾਂਸਲ, ਡਾ ਤਨੂਪ੍ਰੀਤ,ਡਾ ਸ਼ਰਨਜੀਤ ਕੌਰ,ਡਿਪਟੀ ਮਾਸ ਮੀਡੀਆ ਅਫ਼ਸਰ ਮਲਕੀਤ ਕੌਰ ਅਤੇ ਰੋਹਿਤ ਜਿੰਦਲ, ਜਿਲ੍ਹਾ ਬੀਸੀਸੀ ਨਰਿੰਦਰ ਕੁਮਾਰ, ਬੀ.ਈ.ਈ ਹਰਜਿੰਦਰ ਕੌਰ, ਸੋਮਾ ਰਾਣੀ ਕੌਂਸਲਰ,ਸਟਾਫ ਨਰਸ ਮੇਲ ਜਤਿੰਦਰ ਕੁਮਾਰ, ਸਟਾਫ ਨਰਸ ਗੀਤਾਂਜਲੀ ਸ਼ਰਮਾ, ਨੀਤੂ ਰਾਣੀ,ਜੋਤੀ ਅਤੇ ਜਸਪ੍ਰੀਤ ਕੌਰ ਹਾਜ਼ਰ ਸਨ। ਇਸ ਮੌਕੇ ਡਾ ਰਮਨਦੀਪ ਸਿੰਗਲਾ ਸਿਵਲ ਸਰਜਨ ਬਠਿੰਡਾ  ਨੇ ਕਿਹਾ ਕਿ ਇਹ ਦਿਨ ਮਨਾਉਣ ਦਾ ਮੁੱਕ ਮਕਸਦ ਆਮ ਲੋਕਾਂ ਨੂੰ ਨਸ਼ੇ ਦੇ ਨੁਕਸਾਨ ਦੱਸ ਕੇ ਨਸ਼ੇ ਤੋਂ ਬਚਣ ਲਈ ਜਾਗਰੂਕ ਕਰਨਾ ਹੈ ।
         
ਉਹਨਾਂ ਕਿਹਾ ਕਿ ਜ਼ੋ ਲੋਕ ਨਸ਼ੇ ਆਦਿ ਦਾ ਸੇਵਨ ਕਰਦੇ ਹਨ, ਉਹਨਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਕੇ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਕਰਨਾ ਹੈ ਅਤੇ ਨਸ਼ਾ ਵੇਚਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਉਣਾ ਸ਼ਾਮਿਲ ਹੈ।  ਨਸ਼ਾ ਕਰਨ ਵਾਲਿਆਂ ਨਾਲ ਘ੍ਰਿਣਾ ਦੀ ਬਜਾਏ ਪਿਆਰ ਅਤੇ ਸਤਿਕਾਰ ਨਾਲ ਪੇਸ਼ ਆਇਆ ਜਾਵੇ।  ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਨਾ ਸਾਡੇ ਸਰੀਰ ਲਈ, ਸਮਾਜ ਲਈ ਅਤੇ ਦੇਸ਼ ਲਈ ਘਾਤਕ ਹੈ। ਨਸ਼ਾਖੋਰੀ ਸਾਡੇ ਸਮਾਜ ਨੂੰ ਘੁਣ ਵਾਂਗ ਖਾ ਰਹੀ ਹੈ। ਇਹ ਉਹ ਸਮਾਜਿਕ ਬੁਰਾਈ ਅਤੇ ਗੰਭੀਰ ਸਮੱਸਿਆ ਹੈ ਜਿਸ ਨਾਲ ਨਿੱਜੀ , ਪਰਿਵਾਰਕ, ਸਮਾਜਿਕ ਅਤੇ ਹੋਰ ਕਈ ਸੰਸਥਾਵਾਂ ਪ੍ਰਭਾਵਿਤ ਹਨ। ਨਸ਼ੇ ਦੀ ਸ਼ੁਰੂਆਤ ਭਾਵੇ ਸ਼ੌਕ ਵਿੱਚ ਕੀਤੀ ਜਾਂਦੀ ਹੈ ਪਰ ਬਾਅਦ ਵਿੱਚ ਇਹ ਆਦਤ ਬਣ ਜਾਂਦੀ ਹੈ ਅਤੇ ਉਸ ਵਕਤ ਲੱਗੀ ਨਸ਼ੇ ਦੀ ਲੱਤ ਅੱਖਾਂ ਅੱਗੇ ਹਨੇਰਾ ਕਰ ਦਿੰਦੀ ਹੈ, ਜਦੋਂ ਇਸਦੀ ਪੂਰਤੀ ਨਹੀ ਹੁੰਦੀ ਤਾਂ ਨੌਜਵਾਨ ਅਤੇ ਕਿਸ਼ੋਰ ਗੈਰ ਸਮਾਜੀ ਰਸਤਾ ਅਖਤਿਆਰ ਕਰ ਲੈਦੇ ਹਨ। ਨਸ਼ਿਆਂ ਨੇ ਕਈ ਪਰਿਵਾਰਾਂ ਦੇ ਚਿਰਾਗ ਬੁਝਾ ਦਿੱਤੇ। ਡਾ ਅਰੁਣ ਬਾਂਸ਼ਲ ਸੀਨੀਅਰ ਮੈਡੀਕਲ ਅਫ਼ਸਰ ਕਮ ਨੋਡਲ ਅਫ਼ਸਰ ਨੇ ਦੱਸਿਆ ਕਿ ਨਸ਼ਿਆਂ ਦੀ ਦਲਦਲ ਵਿੱਚ ਫਸੇ ਵਿਅਕਤੀਆਂ ਨੂੰ ਸਹੀ ਰਸਤਾ ਵਿਖਾਉਣ, ਸਮਾਜ ਵਿੱਚ ਉਨਾਂ ਦਾ ਰੁਤਬਾ ਮੁੜ ਸੁਰਜੀਤ ਕਰਨ ਲਈ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋ ਡਰੱਗ ਡੀ—ਅਡਿਕਸ਼ਨ ਪ੍ਰੋਗਰਾਮ ਤਹਿਤ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। 
     
ਉਹਨਾਂ ਦੱਸਿਆ ਕਿ  ਸੂਬਾ ਸਰਕਾਰ ਵੱਲੋਂ ਜਿਲ੍ਹਾ ਬਠਿੰਡਾ ਵਿੱਚ ,ਕਈ ਓਟ ਸੈਂਟਰ, ਇੱਕ ਡੀ ਅਡਿਕਸ਼ਨ ਸੈਂਟਰ ਅਤੇ ਇੱਕ ਰੀਹੈਬਲੀਟੇਸ਼ਨ ਸੈਂਟਰ ਚਲਾਏ ਜਾ ਰਹੇ ਹਨ। ਇਨ੍ਹਾਂ ਓਟ ਸੈਂਟਰਾਂ ਤੇ ਹਰ ਰੋਜ਼ ਨਸ਼ੇ ਦੇ ਆਦੀ ਲੋਕ ਨਸ਼ਾ ਛੱਡਣ ਅਤੇ ਨਿਯਮਿਤ ਤੌਰ ਤੇ ਆਪਣੇ ਇਲਾਜ ਲਈ ਆ ਰਹੇ ਹਨ।  ਇਨ੍ਹਾਂ ਨਸ਼ਾ ਪੀੜਤਾਂ ਦਾ ਇਨ੍ਹਾਂ ਸੈਂਟਰਾਂ ਵਿੱਚ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਇਨ੍ਹਾਂ ਸੈਂਟਰਾਂ ਵਿੱਚ ਸਰਕਾਰ ਵੱਲੋਂ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ, ਕਾਊਸਲਰ, ਸ਼ੋਸ਼ਲ ਵਰਕਰ ਅਤੇ ਹੋਰ ਮੈਡੀਕਲ, ਪੈਰਾ ਮੈਡੀਕਲ ਸਟਾਫ਼ ਭਰਤੀ ਕੀਤਾ ਗਿਆ ਹੈ। ਡਾ ਊਸ਼ਾ ਗੋਇਲ ਜਿਲ੍ਹਾ ਸਿਹਤ ਅਫ਼ਸਰ  ਨੇ ਦੱਸਿਆ ਕਿ ਨਸ਼ੇ ਦਾ ਆਦੀ ਮਨੁੱਖ ਜਿੱਥੇ ਆਰਥਿਕ ਤੌਰ ਤੇ ਕਮਜ਼ੋਰ ਹੋ ਜਾਂਦਾ ਹੈ, ਉੱਥੇ ਸਮਾਜਿਕ ਤੌਰ ਤੇ ਹੀਣ ਭਾਵਨਾ ਦਾ ਸ਼ਿਕਾਰ ਹੋ ਕੇ ਮਾਨਸਿਕ ਗੁਲਾਮੀ ਵਿੱਚ ਜਕੜਿਆ ਜਾਂਦਾ ਹੈ ਤੇ ਸਰੀਰਕ ਤੌਰ ਤੇ ਕਮਜ਼ੋਰ ਹੋ ਜਾਂਦਾ ਹੈ। ਦੇਸ਼ ਕੌਮ ਬਾਰੇ ਤਾਂ ਉਸਨੇ, ਉਸਾਰੂ ਸੋਚ ਕੀ ਰੱਖਣੀ ਹੁੰਦੀ ਹੈ, ਉਹ ਆਪਣੇ ਬਾਰੇ ਅਤੇ ਆਪਣੇ ਪਰਿਵਾਰ ਬਾਰੇ ਵੀ ਨਹੀ ਸੋਚਦਾ। ਇਹ ਜਾਣਦਾ ਹੋਇਆ ਕਿ ਉਹ ਮੌਤ ਦੇ ਮੂੰਹ ਵੱਲ ਜਾ ਰਿਹਾ ਹੈ, ਇਸ ਤੋਂ ਛੁਟਕਾਰਾ ਪਾਉਣ ਦੀ ਬਜ਼ਾਏ ਆਪਣੇ ਨਾਲ ਸਮੂਹ ਪਰਿਵਾਰ ਨੂੰ ਨਰਕ ਭੋਗਣ ਲਈ ਮਜਬੂਰ ਕਰਦਾ ਹੈ।          

ਉਹਨਾਂ ਕਿਹਾ ਕਿ  ਆਮ ਲੋਕਾਂ ਅਤੇ ਸਕੂਲੀ ਬੱਚਿਆਂ ਨੂੰ ਇਸ ਸਮੱਸਿਆ ਬਾਰੇ ਜਾਗਰੂਕ ਕਰਨ ਲਈ ਡੈਪੋ ਅਤੇ ਬਡੀ ਪ੍ਰੋਗਰਾਮਾਂ ਨੂੰ ਵੀ ਸਫ਼ਲਤਾ ਪੂਰਵਕ ਚਲਾਇਆ ਗਿਆ, ਜਿਸ ਨਾਲ ਸਮਾਜ ਦੀ ਸੋਚ ਨੂੰ ਕਾਫ਼ੀ ਹਦ ਤੱਕ ਬਦਲਿਆ ਗਿਆ ਹੈ।ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦੀ ਦਲਦਲ ਤੋਂ ਬਚਣ ਅਤੇ ਜ਼ੋ ਪਰਿਵਾਰ ਦੇ ਮੈਂਬਰ ਨਸ਼ੇ ਕਰਦੇ ਹਨ, ਉਹਨਾਂ ਨੂੰ ਪੂਰਣ ਸਹਿਯੋਗ ਦੇ ਕੇ ਨਸ਼ਾ ਛੁਡਾਉਣ ਵਿੱਚ ਮੱਦਦ ਕਰਨ। ਉਹਨਾਂ ਸਮਾਜ ਵਿਰੋਧੀ ਅਨਸਰ, ਜ਼ੋ ਗੈਰ ਕਾਨੂੰਨੀ ਨਸ਼ਾ ਵੇਚਦੇ ਹਨ, ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਉਣ ਲਈ ਵੀ ਅਪੀਲ ਕੀਤੀ। ਇਸ ਸਮੇਂ ਸਮੂਹ ਹਾਜ਼ਰੀਨ ਨੇ ਨਸ਼ਾ ਨਾ ਕਰਨ ਅਤੇ ਨਸ਼ਾ ਛੱਡਣ ਵਾਲਿਆਂ ਦੀ ਸਹਾਇਤਾ ਕਰਨ ਸਬੰਧੀ ਪ੍ਰਣ ਲਿਆ। ਇਸ ਸਮੇਂ ਨਸ਼ਾਂ ਛੱਡ ਚੁੱਕੇ ਮਰੀਜਾਂ ਨੇ ਵੀ ਆਪਣਾ ਸਫ਼ਲਤਾਪੂਰਵਕ ਨਸ਼ਾ ਛੱਡਣ ਦੀ ਕਹਾਣੀ ਵੀ ਦੱਸੀ ਗਈ।

Share.

“I’m a Newswriter, “I write about the trending news events happening all over the world.

Leave A Reply