ਪੰਜਾਬ ਦੇ ਖੰਨਾ ਸ਼ਹਿਰ ਵਿੱਚ ਇੱਕ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਇੱਥੇ ਇੱਕ ਜੌਹਰੀ ਕੋਲੋਂ ਇੱਕ ਕਿਲੋ ਸੋਨੇ ਦੀ ਫਿਰੌਤੀ ਮੰਗਣ ਅਤੇ ਉਸਦੇ ਪੁੱਤਰ ਨੂੰ ਮਾਰਨ ਦੀ ਧਮਕੀ ਦੇਣ ਵਾਲੇ ਮਾਮਲੇ ਵਿੱਚ ਯੂਟਿਊਬਰ ਅਭਿਸ਼ੇਕ ਕੁਮਾਰ ਨੂੰ ਮੁੱਖ ਮਾਸਟਰਮਾਈਂਡ ਵਜੋਂ ਗ੍ਰਿਫ਼ਤਾਰ ਕੀਤਾ ਗਿਆ। ਇਸਦੇ ਨਾਲ ਉਸਦਾ ਭਰਾ ਨਿਹਾਲ ਉਰਫ਼ ਨਿਹਾਰ ਅਤੇ ਨਕਲੀ ਸਿਮ ਕਾਰਡ ਵੇਚਣ ਵਾਲਾ ਤੀਰਥ ਸਿੰਘ ਉਰਫ਼ ਮੰਗਾ ਵੀ ਪੁਲਿਸ ਹੱਥੇ ਚੜ੍ਹ ਚੁੱਕੇ ਹਨ।
ਅਭਿਸ਼ੇਕ “VIP Bsheka” ਨਾਮ ਦਾ ਯੂਟਿਊਬ ਚੈਨਲ ਚਲਾਉਂਦਾ ਸੀ, ਜਿਸ ‘ਤੇ ਉਹ ਕਈ ਪ੍ਰਸਿੱਧ ਹਸਤੀਆਂ ਦੇ ਘਰਾਂ ਤੋਂ ਵੀ ਲਾਈਵ ਬਲੌਗਿੰਗ ਕਰ ਚੁੱਕਾ ਹੈ। ਪਰ ਜਿਵੇਂ ਜਿਵੇਂ ਉਸਦੀ ਆਮਦਨ ਘਟਣੀ ਸ਼ੁਰੂ ਹੋਈ, ਉਹ ਅਪਰਾਧ ਦੀ ਦੁਨੀਆਂ ਵੱਲ ਮੁੜ ਗਿਆ। ਪੁਲਿਸ ਜਾਂਚ ਦੌਰਾਨ ਪਤਾ ਲੱਗਾ ਕਿ ਉਸਨੇ ਪੂਰੀ ਯੋਜਨਾ ਬਿਨਾਂ ਕਿਸੇ ਬਾਹਰੀ ਮਦਦ ਦੇ, ਸਥਾਨਕ ਪੱਧਰ ‘ਤੇ ਹੀ ਤਿਆਰ ਕੀਤੀ। ਉਸਨੇ ਨਕਲੀ ਸਿਮ ਕਾਰਡ ਦੀ ਵਰਤੋਂ ਕਰਕੇ 9 ਮਈ 2025 ਨੂੰ ਜੌਹਰੀ ਸ਼੍ਰੀਕਾਂਤ ਵਰਮਾ ਨੂੰ ਕਈ ਕਾਲਾਂ ਕੀਤੀਆਂ।
ਪਹਿਲੀ ਕਾਲ ਦੌਰਾਨ, ਕਾਲ ਕਰਨ ਵਾਲੇ ਨੇ ਆਪਣਾ ਨਾਂ “ਪ੍ਰੇਮਾ ਸ਼ੂਟਰ” ਦੱਸਿਆ ਅਤੇ ਕਿਹਾ ਕਿ ਉਸਨੂੰ ਸ਼੍ਰੀਕਾਂਤ ਅਤੇ ਉਸਦੇ ਪਰਿਵਾਰ ਨੂੰ ਮਾਰਨ ਦੀ ਸਪਾਰੀ ਮਿਲੀ ਹੈ। ਕੁਝ ਸਮੇਂ ਬਾਅਦ ਦੂਜੀ ਕਾਲ ਆਈ ਜਿਸ ਵਿੱਚ ਕਿਹਾ ਗਿਆ ਕਿ “ਤੁਹਾਡੇ ਕੋਲ ਸਿਰਫ 13 ਮਿੰਟ ਹਨ, ਇੱਕ ਕਿਲੋ ਸੋਨਾ ਤਿਆਰ ਰੱਖੋ।” ਤੀਜੀ ਕਾਲ ਵਿੱਚ ਹਦੋਂ ਵੱਧ ਧਮਕੀ ਦਿੱਤੀ ਗਈ ਕਿਹਾ ਗਿਆ ਕਿ “ਤੇਰੇ ਪੁੱਤ ਨੂੰ ਮਾਰ ਦਿਆਂਗੇ ਜਾਂ ਫਿਰ ਸੋਨਾ ਲਿਫਾਫੇ ਵਿੱਚ ਪਾ ਕੇ ਗ੍ਰੀਨਲੈਂਡ ਹੋਟਲ ਦੇ ਸਾਹਮਣੇ ਪੁਲ ‘ਤੇ ਛੱਡ ਦੇ।” ਇਹ ਸੁਣ ਕੇ ਜੌਹਰੀ ਬੁਰੀ ਤਰ੍ਹਾਂ ਡਰ ਗਿਆ।
ਸ਼੍ਰੀਕਾਂਤ ਨੇ ਤੁਰੰਤ ਥਾਣਾ ਸਿਟੀ-2 ਵਿੱਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਫ਼ੌਰੀ ਕਾਰਵਾਈ ਕਰਦਿਆਂ ਤਕਨੀਕੀ ਜਾਂਚ ਸ਼ੁਰੂ ਕੀਤੀ। ਕਾਲ ਡਿਟੇਲ, ਮੋਬਾਈਲ ਟ੍ਰੈਕਿੰਗ ਅਤੇ ਸਾਈਬਰ ਵਿਭਾਗ ਦੀ ਮਦਦ ਨਾਲ ਪੁਲਿਸ ਨੇ ਸਾਜ਼ਿਸ਼ਕਾਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮਾਮਲੇ ਅਧੀਨ ਭਾਰਤੀ ਦੰਡ ਸੰਜੀਵਨੀ ਦੀ ਧਾਰਾ 308(2) ਅਤੇ 351(2) ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਡੀਐਸਪੀ ਅੰਮ੍ਰਿਤਪਾਲ ਸਿੰਘ ਭਾਟੀ ਨੇ ਕਿਹਾ ਕਿ ਜਾਂਚ ਹਾਲੇ ਜਾਰੀ ਹੈ ਅਤੇ ਹੋਰ ਲੋਕ ਵੀ ਇਸ ਸਾਜ਼ਿਸ਼ ’ਚ ਸ਼ਾਮਲ ਹੋ ਸਕਦੇ ਹਨ। ਸਾਈਬਰ ਸੈੱਲ ਦੀ ਮਦਦ ਨਾਲ ਉਨ੍ਹਾਂ ਦੇ ਸੋਸ਼ਲ ਮੀਡੀਆ ਪਲੇਟਫਾਰਮ ਅਤੇ ਹੋਰ ਐਕਟਿਵਿਟੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਸਾਫ਼ ਕੀਤਾ ਹੈ ਕਿ ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।


