ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੁਆਰਾ ਸ਼ੁਰੂ ਕੀਤੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਸੂਬੇ ਭਰ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜੋ ਕਿ ਨਸ਼ਾ ਤਸਕਰਾਂ ਦੀ ਸੂਬੇ ਵਿਚੋ ਜੜ ਪੁੱਟਣ ਵਿੱਚ ਸਹਾਈ ਸਿੱਧ ਹੋ ਰਹੀ ਹੈ ਅਤੇ ਇਸ ਨਾਲ ਸੂਬੇ ਵਿਚ ਵਿਆਪਕ ਪੱਧਰ ਉਤੇ ਨਸ਼ਿਆਂ ਦੀ ਸਪਲਾਈ ਚੈਨ ਤੋੜੀ ਗਈ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੂਪਨਗਰ ਜ਼ਿਲ੍ਹੇ ਦੇ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ।ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਜ਼ਿਲ੍ਹੇ ਰੂਪਨਗਰ ਦੀ ਐਨ.ਡੀ.ਪੀ.ਐਸ. ਐਕਟ ਤਹਿਤ ਸਜਾ ਦੀ ਦਰ 95 ਫੀਸਦ ਪਹੁੰਚੀ ਗਈ ਹੈ ਅਤੇ ਇਹ ਦਰ ਪਿਛਲੇ ਸਾਲ 92 ਫੀਸਦੀ ਸੀ। ਜਦਕਿ ਪਿਛਲੀਆਂ ਸਰਕਾਰਾਂ ਵਿਚ ਸਜਾ ਦੀ ਦਰ ਕਾਫੀ ਹੇਠਲੇ ਪੱਧਰ ਦੀ ਰਹੀ ਹੈ।
ਸ. ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜ਼ਮੀਨੀ ਪੱਧਰ ਉਤੇ ਚਲਾਈ ਜਾ ਰਹੀ ਮੁਹਿੰਮ ਸਦਕਾ ਨਸ਼ਿਆਂ ਦੀ ਸਪਲਾਈ ਨੂੰ ਵਿਆਪਕ ਪੱਧਰ ਉਤੇ ਰੋਕਿਆ ਗਿਆ ਹੈ ਜਿਸ ਸਦਕਾ ਜ਼ਿਲ੍ਹਾ ਰੂਪਨਗਰ ਨਸ਼ਾ ਛਡਾਓ ਕੇਂਦਰ ਅਤੇ ਓਟ ਕਲੀਨਿਕਾਂ ਵਿਚ ਨਸ਼ਾ ਪੀੜਤਾਂ ਦੀ ਗਿਣਤੀ ਵਿਚ ਵਾਧਾ ਦਰਜ ਹੋਇਆ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਟੀਚਾ ਪੰਜਾਬ ਦੇ ਨੌਜਵਾਨਾਂ ਨੂੰ ਸੁਰੱਖਿਅਤ ਕਰਕੇ ਸਿੱਧੇ ਰਾਹ ਪਾਉਣਾ ਹੈ ਜਿਸ ਲਈ ਜ਼ਰੂਰੀ ਹੈ ਕਿ ਨਸ਼ਿਆਂ ਦੀ ਆਦਤ ਤੋਂ ਪੀੜਤ ਮਰੀਜ਼ਾਂ ਨੂੰ ਚੰਗਾ ਇਲਾਜ ਵੀ ਮੁਹੱਈਆ ਕਰਵਾਇਆ ਜਾਵੇ। ਜਿਸ ਕਰਕੇ ਉਨ੍ਹਾਂ ਸਿਹਤ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਰਕਾਰੀ ਕੇਂਦਰਾਂ ਵਿਚ ਪਹੁੰਚਣ ਵਾਲੇ ਮਰੀਜ਼ਾਂ ਨੂੰ ਮਿਆਰੀ ਇਲਾਜ ਸੇਵਾਵਾਂ ਮੁਹੱਈਆ ਕਰਵਾਉਣ ਯਕੀਨੀ ਕੀਤਾ ਜਾਵੇ।
ਉਨ੍ਹਾਂ ਮੀਟਿੰਗ ਵਿਚ ਹਾਜ਼ਰ ਪੁਲਿਸ ਤੇ ਸਿਵਲ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜੇਕਰ ਕਿਸੇ ਵੀ ਅਧਿਕਾਰੀ ਦੀ ਨਸ਼ਾ ਤਸਕਰਾਂ ਦੇ ਸਾਥ ਦੇਣ ਦੀ ਕੋਈ ਸ਼ਿਕਾਇਤ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਕਿਸੇ ਵੀ ਕੀਮਤ ਉਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਬਣਦੀ ਵਿਭਾਗੀ ਤੇ ਕਾਨੂੰਨੀ ਕਾਰਵਾਈ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ।ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਮੂਹ ਐਸ.ਡੀ.ਐਮ ਤੇ ਡੀ.ਐਸ.ਪੀ ਨੂੰ ਆਦੇਸ਼ ਦਿੰਦਿਆਂ ਕਿਹਾ ਕਿ 1 ਹਫਤੇ ਦੌਰਾਨ ਜ਼ਿਲ੍ਹਾ ਰੂਪਨਗਰ ਦੀਆਂ ਮੁਕੰਮਲ ਪੰਚਾਇਤਾਂ ਦੀਆਂ ਨਿਗਰਾਨ ਕਮੇਟੀਆਂ ਗਠਿਤ ਕਰ ਦਿੱਤੀਆਂ ਜਾਣ ਜੋ ਕਿ ਨਸ਼ਾ ਤਸਕਰਾਂ ਅਤੇ ਲੰਮੇ ਸਮੇਂ ਤੋਂ ਨਸ਼ਾ ਕਰ ਰਹੇ ਵਿਅਕਤੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਵਿਚ ਪੁਲਿਸ ਵਿਭਾਗ ਨੂੰ ਸਹਿਯੋਗ ਦੇਣਗੀਆਂ। ਇਹ ਕਮੇਟੀਆਂ ਰਾਜਨੀਤੀ ਅਤੇ ਧਰਮ ਤੋਂ ਉੱਪਰ ਉੱਠ ਕੇ ਆਪਣੀ ਕਾਰਗੁਜ਼ਾਰੀ ਮੁਕੰਮਲ ਕਰਨਗੀਆਂ।
ਮੀਟਿੰਗ ਤੋਂ ਪਹਿਲਾਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਪੁਲਿਸ ਵਿਭਾਗ ਵਲੋਂ ਪਿੰਡ ਸ਼ਾਮਪੁਰਾ ਵਿਖੇ ਚਲਾਏ ਗਏ ਕੈਸੋ ਓਪਰੇਸ਼ਨ ਦਾ ਨਿਰੀਖਣ ਕੀਤਾ ਗਿਆ ਅਤੇ ਪੁਲਿਸ ਅਧਿਕਾਰੀਆਂ ਨੂੰ ਨਸ਼ਾ ਤਸਕਰਾਂ ਅਤੇ ਅਪਰਾਧਿਕ ਪਿਛੋਕੜ ਵਾਲੇ ਹਰ ਵਿਅਕਤੀ ਵਿਰੁੱਧ ਸਖਤੀ ਨਾਲ ਕਾਰਵਾਈ ਅਤੇ ਨਿਗਰਾਨੀ ਕਰਨ ਬਾਰੇ ਕਿਹਾ ਗਿਆ।ਇਸ ਮੌਕੇ ਉਨ੍ਹਾਂ ਨੂੰ ਸ਼ਾਮਪੁਰਾ ਪਿੰਡ ਦੇ ਵਸਨੀਕ ਹਾਕੀ ਕੋਚ ਰਣਜੀਤ ਸਿੰਘ ਤੇ ਪਿੰਡ ਵਾਸੀ ਵੀ ਮਿਲੇ ਜਿਨ੍ਹਾਂ ਵਲੋਂ ਪੰਜਾਬ ਸਰਕਾਰ ਵਲੋਂ ਚਲਾਏ ਗਏ ਨਸ਼ਿਆ ਵਿਰੁੱਧ ਮੁਹਿੰਮ ਵਿਚ ਪੂਰਨ ਤੌਰ ਉਤੇ ਸਾਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ। ਇਨ੍ਹਾਂ ਵਲੋਂ ਪੰਜਾਬ ਸਰਕਾਰ ਦੇ ਯਤਨਾਂ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਗਿਆ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਾਹਰ ਕੱਢਣ ਲਈ ਜੋ ਉਪਰਾਲੇ ਕੀਤੇ ਜਾ ਰਹੇ ਹਨ ਉਹ ਕਾਬਿਲ ਏ ਤਾਰੀਫ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸ਼ੂ ਜੈਨ ਨੇ ਕਿਹਾ ਕਿ ਸਿਹਤ ਵਿਭਾਗ ਦੇ ਨਸ਼ਾ ਛਡਾਓ ਕੇਂਦਰ ਵਿਚ ਨਸ਼ਾ ਪੀੜਤਾਂ ਨੂੰ ਦਾਖਲ ਕੀਤਾ ਜਾ ਰਿਹਾ ਹੈ ਅਤੇ ਲੋੜ ਪੈਣ ਉਤੇ ਯੂਥ ਹੋਸਟਲ ਵਿਖੇ 60 ਬੈੱਡਾਂ ਵਾਲਾ ਆਰਜ਼ੀ ਕੇਂਦਰ ਵੀ ਬਣਾਇਆ ਜਾ ਰਿਹਾ ਹੈ ਤਾਂ ਜੋ ਨਸ਼ਿਆਂ ਦੀ ਸਪਲਾਈ ਟੁੱਟਣ ਕਾਰਨ ਇਲਾਜ ਲਈ ਆ ਰਹੇ ਮਰੀਜ਼ਾਂ ਨੂੰ ਦਾਖਲ ਕਰਕੇ ਠੀਕ ਕੀਤਾ ਜਾ ਸਕੇ।ਵਿੱਤ ਮੰਤਰੀ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਿਲ੍ਹੇ ਦੇ ਸਾਰੇ ਮੈਡੀਕਲ ਸਟੋਰਾਂ ਦੀ ਵਿਸ਼ੇਸ਼ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਪਾਬੰਦੀਸ਼ੁਦਾ ਦਵਾਈ ਦੀ ਵਿਕਰੀ ਨਾ ਹੋਵੇ। ਉਨ੍ਹਾਂ ਨੇ ਗੈਰ-ਕਾਨੂੰਨੀ ਢੰਗ ਨਾਲ ਡਾਕਟਰੀ ਦੇ ਪੇਸ਼ੇ ਰਾਹੀਂ ਨਸ਼ੇ ਫੈਲਾਉਣ ਵਾਲੇ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਕਰਨ ਲਈ ਕਿਹਾ।
ਇਸ ਮੀਟਿੰਗ ਵਿਚ ਐਮ.ਐਲ.ਏ. ਐਡਵੋਕੇਟ ਦਿਨੇਸ਼ ਕੁਮਾਰ ਚੱਢਾ, ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ, ਵਧੀਕ ਡਿਪਟੀ ਕਮਿਸ਼ਨਰ (ਵ) ਚੰਦਰਜਯੋਤੀ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ, ਐਸ.ਪੀ ਰਾਜਪਾਲ ਸਿੰਘ ਹੁੰਦਲ, ਐਸ.ਪੀ. ਨਵਨੀਤ ਸਿੰਘ ਮਾਹਲ, ਸਹਾਇਕ ਕਮਿਸ਼ਨਰ ਅਰਵਿੰਦਰਪਾਲ ਸੋਮਲ, ਮੁੱਖ ਮੰਤਰੀ ਫੀਲਡ ਅਫਸਰ ਜਸਜੀਤ ਸਿੰਘ, ਐਸ.ਡੀ.ਐਮ ਅਮਰੀਕ ਸਿੰਘ ਐਸ.ਡੀ.ਐਮ ਸੁਖਪਾਲ ਸਿੰਘ, ਐਸ.ਡੀ.ਐਮ ਸਚਿਨ ਪਾਠਕ, ਐਸ.ਡੀ.ਐਮ ਅਨਮਜੋਤ ਕੌਰ, ਐਸ.ਡੀ.ਐਮ ਜਸਪ੍ਰੀਤ ਸਿੰਘ, ਸਿਵਲ ਸਰਜਨ ਡਾ. ਤਰਸੇਮ ਸਿੰਘ, ਡੀ.ਐਸ.ਪੀ ਰਾਜਪਾਲ ਸਿੰਘ ਡੀ.ਐਸ.ਪੀ ਐਜ ਸਿੰਘ, ਡੀ.ਐਸ.ਪੀ ਮਨਜੀਤ ਸਿੰਘ ਔਲਖ, ਡੀ.ਐਸ.ਪੀ ਕੁਲਵੀਰ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।


